
ਕੋਰੋਨਾ ਉਤੇ ਜਿੱਤ ਪ੍ਰਾਪਤ ਕਰਨ ਵਾਲੀਆਂ ਪੰਚਕੂਲਾ ਦੀਆਂ ਦੋਵੇਂ ਮਹਿਲਾਵਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲੀ
ਪੰਚਕੂਲਾ (ਪੀ.ਪੀ.ਵਰਮਾ): ਹਰਿਆਣਾ ਵਿਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 179 ਹੋ ਗਈ ਹੈ ਜਦਕਿ 26 ਮਰੀਜ਼ਾਂ ਨੂੰ ਕੋਰੋਨਾ ਉੱਤੇ ਜਿੱਤ ਪਾਉਣ ਤੋਂ ਬਾਅਦ ਛੁੱਟੀ ਦਿਤੀ ਜਾ ਚੁੱਕੀ ਹੈ।ਪੰਚਕੂਲਾ ਦੇ ਸੈਕਟਰ-6 ਸਥਿਤ ਸਿਹਤ ਵਿਭਾਗ ਦੇ ਹੈੱਡਕੁਆਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤਕ ਕੋਰੋਨਾ ਪੀੜਤਾਂ ਦੀ ਸੰਖੀਆ ਅੰਬਾਲਾ-7, ਭਿਵਾਨੀ-2, ਫ਼ਰੀਦਾਬਾਦ-31, ਗੁਰੂਗ੍ਰਾਮ-32, ਹਿਸਾਰ-2, ਕਰਨਾਲ-6, ਕੈਥਲ-2, ਕੁਰੂਕਸ਼ੇਤਰ-2, ਨੂੰਹ 45, ਪਲਵਲ-29, ਪਾਨੀਪਤ-4, ਪੰਚਕੂਲਾ-5, ਸਿਰਸਾ-3, ਸੋਨੀਪਤ-3, ਯਮੁਨਾਨਗਰ-2, ਚਰਖੀ ਦਾਦਰੀ, ਫਤੇਹਾਬਾਦ, ਜੀਂਦ ਅਤੇ ਰੋਹਤਕ ਵਿਚ 1-1 ਕੋਰੋਨਾ ਪੀੜਤ ਮਰੀਜ਼ ਹਨ। ਇਸ ਤੋਂ ਇਲਾਵਾ ਹਰਿਆਣਾ ਵਿਚ ਦੋ ਮੌਤਾਂ ਹੋਈਆਂ ਹਨ।
ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿਚ ਜਿਹੜੀਆਂ ਸੱਭ ਤੋਂ ਪਹਿਲਾਂ ਦੋ ਮਹਿਲਾਵਾਂ ਕੋਰੋਨਾ ਪਾਜ਼ੇਟਿਵ ਦਾਖ਼ਲ ਹੋਈਆਂ ਸਨ। ਉਨ੍ਹਾਂ ਦੋਹਾਂ ਨੂੰ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਨੂੰ ਭੇਜਿਆ ਗਿਆ ਹੈ। ਇਨ੍ਹਾਂ ਵਿਚ ਸੱਭ ਤੋਂ ਪਹਿਲੀ ਮਹਿਲਾ ਖੜਗ ਮੰਗੋਲੀ ਦੀ ਪ੍ਰਭਾ ਸੀ ਤੇ ਫੇਰ ਇਸ ਦੀ ਦੇਖ ਰੇਖ ਕਰਨ ਵਾਲੀ ਸਟਾਫ਼ ਨਰਸ ਕਵਿਤਾ ਸੀ। ਹਸਪਤਾਲ ਦੇ ਸਟਾਫ਼ ਵਲੋਂ ਇਨ੍ਹਾਂ ਨੂੰ ਘਰ ਭੇਜਣ ਤੋਂ ਪਹਿਲਾਂ ਫ਼ੁੱਲਾਂ ਦੇ ਬੁੱਕੇ ਦਿਤੇ ਗਏ ਤੇ ਇਨ੍ਹਾਂ ਕੋਲੋਂ ਕੋਰੋਨਾ ਉੱਤੇ ਜਿੱਤ ਦੌਰਾਨ ਵਿਚਾਰ ਲਏ ਗਏ।
File photo
ਪੰਚਕੂਲਾ ਦੀ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਦਸਿਆ ਕਿ ਇਨ੍ਹਾਂ ਨੂੰ ਛੁੱਟੀ ਉਦੋਂ ਕੀਤੀ ਗਈ ਜਦੋਂ ਦੋਹਾਂ ਦੇ ਦੋ ਬਾਰ ਸੈਂਪਲ ਨੈਗੇਟਿਵ ਆਏ। ਡਾਕਟਰ ਜਸਜੀਤ ਕੌਰ ਨੇ ਦਸਿਆ ਕਿ ਕੋਰੋਨਾ ਦੇ ਨਾਲ ਲੜਨ ਲਈ ਉਨ੍ਹਾਂ ਦੇ ਹਸਪਤਾਲ ਦਾ ਸਾਰਾ ਸਟਾਫ਼ ਕੋਰੋਨਾ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਕੋਰੋਨਾ ਨੂੰ ਹਰਾ ਕੇ ਘਰ ਪਹੁੰਚੀਆਂ ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਨਾਲ ਲੜਨ ਲਈ ਆਪਣਾ ਇਰਾਦਾ ਦ੍ਰਿੜ ਰੱਖਿਆ ਹੋਇਆ ਸੀ।
ਪੰਚਕੂਲਾ ਦੇ ਸਿੰਚਾਈ ਵਿਭਾਗ ਦੇ ਇਕ ਅਧਿਕਾਰੀ ਨੇ ਅਪਣੇ ਘਰ ਦੇ ਚਾਰ ਮੈਂਬਰਾਂ ਨਾਲ ਸ਼ੱਕੀ ਕੋਰੋਨਾ ਹੋਣ ਤੇ ਅਪਣੇ ਆਪ ਨੂੰ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖ਼ਲ ਕਰਵਾਇਆ ਹੈ। ਇਹ ਪਰਵਾਰ ਕਈ ਤੋਂ ਬੁਖ਼ਾਰ ਨਾਲ ਪੀੜਤ ਸੀ। ਅਖ਼ੀਰ ਇਨ੍ਹਾਂ ਨੇ ਅਪਣੇ ਘਰ ਐਬੂਲੈਂਸ ਬੁਲਾ ਕੇ ਆਪ ਹੀ ਹਸਪਤਾਲ ਵਿਚ ਦਾਖ਼ਲ ਹੋ ਗਏ। ਪਰਵਾਰਕ ਮੈਂਬਰਾਂ ਅਨੁਸਾਰ ਜਿਸ ਕੋਲੋ ਇਹ ਖੁੱਲ੍ਹ ਦੁੱਧ ਲੈਂਦੇ ਸਨ। ਉਸ ਦਾ ਭਰਾ ਵੀ ਇਕ ਫਿਰਕੇ ਦੇ ਲੋਕਾਂ ਵਲੋਂ ਜਮਾਤ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਆਇਆ ਸੀ। ਪੰਚਕੂਲਾ ਦੀ ਸਿਵਲ ਸਰਜਨ ਨੇ ਦਸਿਆ ਕਿ ਇਹ ਸਾਰੇ ਪਰਵਾਰ ਦੇ ਬਲੱਡ ਸੈਂਪਲ ਲੈ ਕੇ ਪੀਜੀਆਈ ਭੇਜੇ ਗਏ ਹਨ।