
ਮੁਕੱਦਸ ਖ਼ਾਲਸਾ ਸਾਜਨਾ ਦਿਵਸ ਤੇ ਬਾਦਲਾਂ ਤੋਂ ਸਿੱਖ ਸੰਸਥਾਵਾਂ ਛੁਡਵਾਉਣ ਦਾ ਪ੍ਰਣ ਕੀਤਾ ਜਾਵੇ : ਢੀਂਡਸਾ, ਬ੍ਰਹਮਪੁਰਾ, ਰਵੀਇੰਦਰ ਸਿੰਘ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਇਕ ਸਾਂਝੇ ਬਿਆਨ ਵਿਚ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਤੇ ਅਨੰਦਪੁਰ ਸਾਹਿਬ ਸਮੇਤ ਛੋਟੇ-ਵੱਡੇ ਇਤਿਹਾਸਕ ਗੁਰਧਾਮਾਂ 'ਚ ਕੋਈ ਵੀ ਵੱਡਾ ਇਕੱਠ ਕਰਨ ਦੀ ਥਾਂ ਸੰਗਤਾਂ ਨੂੰ ਆਪੋ-ਅਪਣੇ ਘਰਾਂ ਵਿਚ ਗੁਰਬਾਣੀ ਦਾ ਜਾਪ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਰਗੀ ਬਿਮਾਰੀ ਨੇ ਵਿਸ਼ਵ ਨੂੰ ਲਪੇਟ 'ਚ ਲਿਆ ਹੈ।
File photo
ਇਸ ਬਿਮਾਰੀ ਕਾਰਨ ਵੱਡੇ ਇਕੱਠ ਅਸੰਭਵ ਹਨ । ਇਸ ਲਈ ਸੰਗਤਾਂ ਨੂੰ ਖ਼ਾਲਸੇ ਦਾ ਇਹ ਕੌਮੀ ਪੁਰਬ ਅਪਣੇ ਘਰਾਂ ਵਿਚ ਹੀ ਮਨਾਉਣਾ ਚਾਹੀਦਾ ਹੈ।
ਇਸ ਮਹਾਨ ਦਿਵਸ 'ਤੇ ਇਨ੍ਹਾਂ ਤਿੰਨਾਂ ਆਗੂਆਂ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਹਮ-ਖ਼ਿਆਲੀ ਸਿੱਖ ਸੰਗਠਨਾਂ ਨੂੰ ਬੇਨਤੀ ਕੀਤੀ ਹੈ ਕਿ ਸਿੱਖੀ ਬਚਾਉਣ ਲਈ ਇਸ ਮੁਕੱਦਸ ਦਿਵਸ ਤੇ ਸਿੱਖ ਸੰਸਥਾਵਾਂ 'ਚੋਂ ਬਾਦਲਾਂ ਨੂੰ ਬਾਹਰ ਕੱਢਣ ਲਈ ਸਿੱਖ ਸੰਗਤਾਂ ਤੇ ਆਗੂਆਂ ਵਲੋਂ ਪ੍ਰਣ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਪਰਿਵਾਰਵਾਦ ਪਾਲਣ ਲਈ ਸਿੱਖ ਸੰਗਠਨਾਂ ਦਾ ਬਹੁਤ ਨੁਕਸਾਨ ਕਰ ਦਿਤਾ,
1
ਜਿਸ ਨਾਲ ਕੌਮ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਵੋਟਾਂ ਖ਼ਾਤਰ ਸੌਦਾ-ਸਾਧ ਨੂੰ ਬਿਨਾ ਪੇਸ਼ੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਵਾਉਣ ਲਈ ਜਥੇਦਾਰਾਂ ਨੂੰ ਚੰਡੀਗੜ੍ਹ ਸਰਕਾਰੀ ਕੋਠੀ ਸੱਦ ਕੇ, ਸਿੱਖ ਪ੍ਰੰਪਰਾਵਾਂ ਖ਼ਤਮ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ 'ਚੋਂ 97 ਲੱਖ ਦੇ ਇਸ਼ਤਿਹਾਰ ਅਖ਼ਬਾਰਾਂ 'ਚ ਲਵਾਏ ਗਏ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਾਦਲਾਂ ਵਲੋਂ ਬਚਾਇਆ ਗਿਆ ਹੈ। ਇਨ੍ਹਾਂ ਤਿੰਨਾਂ ਆਗੂਆਂ ਨੇ ਪੰਚ-ਪ੍ਰਧਾਨੀ ਸਿਧਾਂਤ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਬਾਦਲਾਂ ਨੇ ਗੁਰੂ-ਗ੍ਰੰਥ ਤੇ ਪੰਥਕ ਮਰਯਾਦਾ ਖ਼ਤਮ ਕਰ ਦਿਤੀ ਹੈ। ਇਨ੍ਹਾਂ ਤਿੰਨਾਂ ਆਗੂਆਂ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਕਰ ਕੇ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ 'ਤੇ ਕੰਟਰੋਲ ਕਰ ਲਿਆ ਹੈ, ਜਿਸ ਕਾਰਨ ਇਹ ਮਹਾਨ ਸੰਸਥਾਵਾਂ ਇਕ ਪਰਵਾਰ ਤਕ ਸੀਮਤ ਹੋ ਗਈਆਂ ਹਨ।