
3 ਲੱਖ ਤੋਂ ਵੱਧ ਪਾਬੰਦੀਸ਼ੁਦਾ ਗੋਲੀਆਂ ਬਰਾਮਦ
ਫ਼ਿਰੋਜ਼ਪੁਰ (ਜਗਵੰਤ ਸਿੰਘ ਮੱਲ੍ਹੀ): ਡਰੱਗ ਇੰਸਪੈਕਟਰ ਫ਼ਿਰੋਜ਼ਪੁਰ ਹਰਜਿੰਦਰ ਸਿੰਘ ਅਤੇ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ. ਮੋਹਿਤ ਧਵਨ ਵਲੋਂ ਨੌਂ ਲੱਖਾ ਮਾਰਕੀਟ ਜ਼ੀਰਾ ਵਿਖੇ ਬਣਾਏ ਗਏ ਗੋਦਾਮ ਵਿਚ ਬਿਨਾਂ ਲਾਇਸੈਂਸ ਪਾਬੰਦੀਸ਼ੁਦਾ ਨਸ਼ਾ ਛੁਡਾਊ ਦਵਾਈਆਂ ਵੇਚਣ 'ਤੇ ਕੱਕੜ ਮੈਡੀਕਲ ਹਾਲ ਦਾ ਗੁਦਾਮ ਸੀਲ ਕਰ ਦਿਤਾ ਗਿਆ।
File photo
ਇਸ ਸਬੰਧ ਵਿਚ ਡਰੱਗ ਇੰਸਪੈਕਟਰ ਹਰਜਿੰਦਰ ਸਿੰਘ ਨੇ ਦਸਿਆ ਕਿ ਪ੍ਰਸ਼ਾਸਨਕ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਪ੍ਰਾਪਤ ਹੋਈ ਇਕ ਸ਼ਿਕਾਇਤ ਦੇ ਆਧਾਰ 'ਤੇ ਐਸਐਚਓ ਮੋਹਿਤ ਧਵਨ ਨੂੰ ਨਾਲ ਲੈ ਕੇ ਗੋਦਾਮ ਵਿਚ ਛਾਪੇਮਾਰੀ ਕਰ ਕੇ ਤਲਾਸ਼ੀ ਲਈ ਗਈ ਤਾਂ ਉਥੋਂ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਨਸ਼ਾ ਛੁਡਾਊ ਕਰੀਬ ਤਿੰਨ ਲੱਖ ਗੋਲੀਆਂ ਦੀ ਖੇਪ ਬਰਾਮਦ ਹੋਈ।
ਉਨ੍ਹਾਂ ਦਸਿਆ ਕਿ ਕੱਕੜ ਮੈਡੀਕਲ ਹਾਲ ਜ਼ੀਰਾ ਵਾਲੇ ਇਸ ਗੋਦਾਮ ਵਿਚੋਂ ਬਿਨ੍ਹਾਂ ਲਾਇਸੈਂਸ ਤੋਂ ਦਵਾਈਆਂ ਦੀ ਹੋਮ ਡਿਲਿਵਰੀ ਕਰ ਰਹੇ ਸਨ । ਦਵਾਈਆਂ ਦੀ ਬਰਾਮਦ ਹੋਈ ਖੇਪ ਦੇ ਆਧਾਰ 'ਤੇ ਮੈਡੀਕਲ ਹਾਲ ਸੀਲ ਕਰ ਦਿਤਾ ਗਿਆ ਹੈ। ਜਦਕਿ ਰੀਪੋਰਟ ਤਿਆਰ ਕਰ ਕੇ ਅਗਲੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿਤੀ ਜਾਵੇਗੀ।