
ਵਧੀਕ ਮੁੱਖ ਸਕੱਤਰ ਵਿਕਾਸ ਵਲੋਂ ਕੋਵਿਡ-19 ਦੇ ਮੱਦੇਨਜ਼ਰ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਸੂਬਾ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੀ ਔਖੀ ਘੜੀ ਵਿਚ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਕਣਕ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ। ਮੁੱਖ ਮੰਤਰੀ ਵਲੋਂ ਹਰ ਹੀਲੇ ਕਣਕ ਦਾ ਇਕ-ਇਕ ਦਾਣਾ ਖ਼ਰੀਦਣ ਲਈ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਸੂਬਾ ਭਰ ਵਿਚ ਖ਼ਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਾਜੀਤ ਖੰਨਾ ਨੇ ਦਸਿਆ ਕਿ ਕਣਕ ਦੀ ਖ਼ਰੀਦ 15 ਅਪ੍ਰੈਲ ਨੂੰ ਸ਼ੁਰੂ ਹੋਣੀ ਹੈ ਪਰ ਮੰਡੀ ਬੋਰਡ ਨੇ ਇਸ ਲਈ ਲੋੜੀਂਦੇ ਬੰਦੋਬਸਤ ਕਰ ਲਏ ਹਨ।
ਉਨ੍ਹਾਂ ਦਸਿਆ ਕਿ ਕਣਕ ਦੀ ਖ਼ਰੀਦ 31 ਮਈ ਤਕ ਹੋਵੇਗੀ ਅਤੇ ਜੇ ਲੋੜ ਪਈ ਤਾਂ 15 ਜੂਨ ਤਕ ਚਲੇਗੀ। ਹਾੜ੍ਹੀ ਦੇ ਮੌਜੂਦਾ ਸੀਜ਼ਨ ਦੌਰਾਨ ਕਣਕ ਦੀ ਖ਼ਰੀਦ ਦੀਆਂ ਤਿਆਰੀਆਂ ਸਬੰਧੀ ਯੋਜਨਾ ਦਾ ਪ੍ਰਗਟਾਵਾ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਦਸਿਆ ਕਿ ਕੇਂਦਰ ਸਰਕਾਰ ਵਲੋਂ 22,900 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀ.ਸੀ.ਐਲ.) ਮਨਜ਼ੂਰ ਕੀਤੀ ਜਾ ਚੁਕੀ ਹੈ ਤਾਕਿ ਸੂਬੇ ਵਿਚ ਖ਼ਰੀਦ ਦੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਖੰਨਾ ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਠੋਸ ਇੰਤਜ਼ਾਮ ਕੀਤੇ ਗਏ ਹਨ ਜਿਨ੍ਹਾਂ ਤਹਿਤ ਸਾਰੇ 22 ਜ਼ਿਲ੍ਹਿਆਂ ਵਿਚ 3691 ਖ਼ਰੀਦ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚ 153 ਪ੍ਰਮੁੱਖ ਫੜ੍ਹ, 280 ਛੋਟੇ ਫੜ੍ਹ, 1434 ਖ਼ਰੀਦ ਕੇਂਦਰਾਂ ਤੋਂ ਇਲਾਵਾ ਇਸ ਸੀਜ਼ਨ ਦੌਰਾਨ ਚੌਲ ਮਿੱਲਾਂ ਵਿਚ ਵਿਸ਼ੇਸ਼ ਤੌਰ 'ਤੇ 1824 ਫੜ੍ਹ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀਆਂ ਵਿਚ ਇਸ ਵਾਰ 135 ਲੱਖ ਮੀਟਰਕ ਟਨ ਕਣਕ ਪਹੁੰਚਣ ਦੀ ਉਮੀਦ ਹੈ ਜਿਸ ਵਿਚੋਂ 135 ਲੱਖ ਟਨ ਫ਼ਸਲ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਜਾਵੇਗੀ ਜਦਕਿ 2 ਲੱਖ ਮੀਟਰਕ ਟਨ ਪ੍ਰਾਈਵੇਟ ਵਪਾਰੀ ਖ਼ਰੀਦਣਗੇ।
ਖੰਨਾ ਨੇ ਦਸਿਆ ਕਿ ਕੇਂਦਰ ਸਰਕਾਰ ਨੇ ਇਸ ਸਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1925 ਰੁਪਏ ਤੈਅ ਕੀਤਾ ਹੈ ਜਦਕਿ ਪਿਛਲੇ ਸਾਲ 1840 ਰੁਪਏ ਪ੍ਰਤੀ ਕੁਇੰਟਲ ਸੀ। ਸੂਬੇ ਵਿੱਚ ਕਣਕ ਦਾ ਕੁਲ ਉਤਪਾਦਨ ਲਗਪਗ 182 ਲੱਖ ਟਨ ਹੋਣ ਦੀ ਆਸ ਹੈ ਅਤੇ 17,500 ਮਸ਼ੀਨਾਂ ਕਣਕ ਦੀ ਵਢਾਈ ਦੇ ਕੰਮ ਵਿੱਚ ਲੱਗਣਗੀਆਂ।
ਇਸੇ ਤਰ੍ਹਾਂ ਕਣਕ ਦੀ ਭਰਾਈ ਲਈ 4.82 ਲੱਖ ਬੋਰੀਆਂ ਦੀ ਲੋੜ ਹੈ ਜਿਨ੍ਹਾਂ ਵਿੱਚ 3.05 ਲੱਖ ਪਹਿਲਾਂ ਹੀ ਮੌਜੂਦ ਹਨ। ਇਸ ਸੀਜ਼ਨ ਦੌਰਾਨ ਕਣਕ ਰੱਖਣ ਲਈ 52,570 ਤਰਪਾਲਾਂ ਦੀ ਮੰਗ ਸਾਹਮਣੇ ਆਈ ਹੈ ਜਦਕਿ 47000 ਤਰਪਾਲਾਂ ਦਾ ਬੰਦੋਬਸਤ ਕਰ ਲਿਆ ਹੈ ਅਤੇ 32805 ਜਾਲਾਂ ਵਿੱਚੋਂ 29261 ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਕਣਕ ਦੀਆਂ ਬੋਰੀਆਂ ਭੰਡਾਰ ਕਰਕੇ ਰੱਖਣ ਲਈ ਲੱਕੜ ਦੇ ਕਰੇਟਾਂ ਦਾ ਵੀ ਸਮੇਂ ਸਿਰ ਇੰਤਜ਼ਾਮ ਕੀਤਾ ਜਾ ਰਿਹਾ ਹੈ।
File photo
ਕਣਕ ਦੀ ਨਿਰਵਿਘਨ ਖ਼ਰੀਦ ਸਬੰਧੀ ਮੁੱਖ ਦਫ਼ਤਰ ਮੁਹਾਲੀ ਵਿਖੇ ਕੰਟਰੋਲ ਰੂਮ ਸਥਾਪਤ : ਲਾਲ ਸਿੰਘ
ਐਸ ਏ ਐਸ ਨਗਰ, 12 ਅਪ੍ਰੈਲ (ਸੋਈਂ): ਕਣਕ ਦੀ ਨਿਰਵਿਘਨ ਅਤੇ ਪ੍ਰੇਸ਼ਾਨੀ ਰਹਿਤ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਮੁਹਾਲੀ ਦੇ ਮੁੱਖ ਦਫ਼ਤਰ ਵਿਖੇ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਸਬੰਧੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਜੇ ਕਿਸੇ ਵੀ ਕਿਸਾਨ, ਆੜ੍ਹਤੀਆ ਅਤੇ ਮਜ਼ਦੂਰ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਸੱਭ ਤੋਂ ਪਹਿਲਾਂ ਸਕੱਤਰ, ਮਾਰਕੀਟ ਕਮੇਟੀ ਨਾਲ ਸਥਾਨਕ ਪੱਧਰ 'ਤੇ ਸੰਪਰਕ ਕਰ ਸਕਦੇ ਹਨ। ਜੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਕੰਟਰੋਲ ਰੂਮ ਨੰਬਰ 0172-5101641 'ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਅਤੇ ਆੜ੍ਹਤੀਆਂ ਦੇ ਲਾਭ ਲਈ, ਇਕ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ, ਕਿਸੇ ਵੀ ਮੁਸ਼ਕਲ ਦੀ ਸਥਿਤੀ ਵਿਚ ਈਮੇਲ ਆਈ.ਡੀ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।