
ਪਾਕਿਸਤਾਨ ਨੇ ਭਾਰਤ ਨੂੰ 147 ਦੌੜਾਂ ਦਾ ਦਿੱਤਾ ਟੀਚਾ
ਦੁਬਈ : ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਏਸ਼ੀਆ ਕੱਪ 2025 ਦੇ ਫਾਈਨਲ ਮੈਚ ’ਚ, ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਦਿਤਾ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਰਣਨੀਤਕ ਫੈਸਲਾ ਸਾਬਤ ਹੋਇਆ। ਪਾਕਿਸਤਾਨ ਨੇ ਸਾਹਿਬਜ਼ਾਦਾ ਫਰਹਾਨ (38 ਗੇਂਦਾਂ ਉਤੇ 57 ਦੌੜਾਂ) ਅਤੇ ਫਖਰ ਜ਼ਮਾਨ (35 ਗੇਂਦਾਂ ਉਤੇ 46 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਬਦੌਲਤ ਵਧੀਆ ਸ਼ੁਰੂਆਤ ਕੀਤੀ। ਹਾਲਾਂਕਿ 84 ਦੌੜਾਂ ’ਤੇ ਫਰਹਾਨ ਦੀ ਪਹਿਲੀ ਵਿਕਟ ਡਿੱਗਣ ਤੋਂ ਬਾਅਦ ਹੀ ਟੀਮ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ। ਵਰੁਣ, ਕੁਲਦੀਪ ਅਤੇ ਅਕਸ਼ਰ ਦੀ ਭਾਰਤੀ ਸਪਿਨ ਤਿਕੜੀ ਨੇ ਤੇਜ਼ੀ ਨਾਲ ਕੁੱਝ ਵਿਕਟਾਂ ਲਈਆਂ ਅਤੇ ਪਾਕਿਸਤਾਨ ਉਤੇ ਦਬਾਅ ਬਣਾ ਲਿਆ। ਪੂਰੀ ਟੀਮ ਨਾਟਕੀ ਢੰਗ ਨਾਲ ਸਿਰਫ 19.1 ਓਵਰਾਂ ਵਿਚ 146 ਦੌੜਾਂ ਉਤੇ ਆਊਟ ਹੋ ਗਈ। ਪਾਕਿਸਤਾਨ ਦੇ ਵਿਚਕਾਰਲੇ ਅਤੇ ਹੇਠਲੇ ਬੱਲੇਬਾਜ਼ ਭਾਰਤ ਦੀ ਅਨੁਸ਼ਾਸਿਤ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਨਹੀਂ ਕਰ ਸਕੇ। ਤਿੰਨ ਬੱਲੇਬਾਜ਼ ਤਾਂ ਕੋਈ ਦੌੜ ਨਹੀਂ ਬਣਾ ਸਕੇ।
ਕੁਲਦੀਪ ਯਾਦਵ ਨੇ 30 ਦੌੜਾਂ ਦੇ ਕੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ, ਜਦਕਿ ਵਰੁਣ ਚਕਰਵਰਤੀ, ਅਕਸ਼ਰ ਪਟੇਲ ਅਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਲਈਆਂ। ਉਨ੍ਹਾਂ ਦੇ ਸਾਂਝੇ ਯਤਨਾਂ ਨੇ ਪਾਕਿਸਤਾਨ ਦੀ ਬੱਲੇਬਾਜ਼ੀ ਦੀ ਗਤੀ ਨੂੰ ਖਤਮ ਕਰ ਦਿਤਾ, ਖ਼ਾਸਕਰ ਦਰਮਿਆਨੇ ਓਵਰਾਂ ਦੌਰਾਨ।