
ਕਿਹਾ - ਵੈੱਬਸਾਈਟ ਨਾਲ ਬੈਂਕ ਦੀ ਪਾਰਦਰਸ਼ਤਾ ਵਿੱਚ ਆਵੇਗਾ ਵਧੇਰੇ ਸੁਧਾਰ
ਚੰਡੀਗੜ੍ਹ : ਪੰਜਾਬ ਦੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਕਿਸਾਨਾਂ ਦੀ ਸਹੂਲਤ ਲਈ ਅੱਜ ‘ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ’ ਦੀ ਵੈੱਬਸਾਈਟ www.agribankpunjab.dronicsoft.com ਲਾਂਚ ਕੀਤੀ।
ਉਦਘਾਟਨ ਤੋਂ ਬਾਅਦ ਚੀਮਾ ਨੇ ਕਿਹਾ ਕਿ ਵੈੱਬਸਾਈਟ ਨਾਲ ਬੈਂਕ ਦੀ ਪਾਰਦਰਸ਼ਤਾ ਵਿੱਚ ਵਧੇਰੇ ਸੁਧਾਰ ਆਵੇਗਾ ਅਤੇ ਕਿਸਾਨਾਂ ਨੂੰ ਕਰਜ਼ਾ ਸਕੀਮਾਂ ਅਤੇ ਕਰਜ਼ਾ ਲੈਣ ਦੀ ਪ੍ਰਕਿਰਿਆਵਾਂ ਬਾਰੇ ਅਸਾਨੀ ਨਾਲ ਵਧੇਰੀ ਜਾਣਕਾਰੀ ਮਿਲੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਦੋ ਭਾਸ਼ੀ ਵੈੱਬਸਾਈਟ ਬੈਂਕ ਦੀ ਪਹੁੰਚ ਨੂੰ ਨਵੀਂ ਪੀੜੀ ਦੇ ਨਾਲ-ਨਾਲ ਸੀਨੀਅਰ ਨਾਗਰਿਕਾਂ ਤੱਕ ਵੀ ਵਧਾਵੇਗੀ। ਬੈਂਕ ਵੱਲੋਂ ਫਾਇਨਾਂਸ ਕੀਤੇ ਗਏ ਪ੍ਰੋਜੈਕਟ ਅਤੇ ਕਿਸਾਨਾਂ ਦੀ ਸਫ਼ਲਤਾਵਾਂ ਦੀਆਂ ਕਹਾਣੀਆਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਨਗੀਆਂ।
Finance Minister Harpal Singh Cheema during Web. launch
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਵੈੱਬਸਾਈਟ ਰਾਹੀਂ ਉਪਭੋਗਤਾ ਅਸਾਨੀ ਨਾਲ ਆਪਣੇ ਸੁਝਾਅ ਬੈਂਕ ਨੂੰ ਭੇਜ ਸਕਣਗੇ ਜਿਸ ਨਾਲ ਬੈਂਕ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਕਿਸਾਨਾਂ ਨੂੰ ਵਧੀਆ ਅਤੇ ਅਸਰਦਾਰ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰਨ ’ਚ ਸਹਾਇਤਾ ਮਿਲੇਗੀ। ਪੰਜਾਬ ਰਾਜ ਦੇ ਸਾਰੇ ਪ੍ਰਾਇਮਰੀ ਬੈਂਕਾਂ ਦਾ ਪਤਾ ਅਤੇ ਸੰਪਰਕ ਕਰਨ ਦੇ ਵੇਰਵੇ ਵਰਗੀਆਂ ਜ਼ਰੂਰੀ ਸੂਚਨਾਵਾਂ ਇਸ ’ਤੇ ਉਪਲਬਧ ਹੋਣਗੀਆਂ। ਬੈਂਕ ਦੇ ਕਰਮਚਾਰੀਆਂ ਅਤੇ ਗਾਹਕਾਂ ਦੀਆਂ ਸਹੂਲਤਾਂ ਲਈ ਜ਼ਰੂਰੀ ਸਰਕੂਲਰ/ਦਸਤਾਵੇਜ਼ ਡਾਊਨਲੋਡ ਸੈਕਸ਼ਨ’ ਵਿੱਚ ਉਪਲਬਧ ਹੋਣਗੇ।
Harpal Singh Cheema
ਉਨ੍ਹਾਂ ਕਿਹਾ ਕਿ ਵੈੱਬਸਾਈਟ ਰਾਹੀਂ ਉਪਭੋਗਤਾ ਲੋੜੀਂਦੇ ਪੰਨੇ ’ਤੇ ਸਿੱਧਾ ਪਹੁੰਚ ਸਕਦਾ ਹੈ। ਜਨਤਾ ਨਾਲ ਸਮਾਜਿਕ ਤੌਰ ’ਤੇ ਸੰਪਰਕ ਕਰਨ ਲਈ ਬੈਂਕ ਦੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਟਵਿਟਰ ਆਦਿ ਦੀ ਜਾਣਕਾਰੀ ਬੈਂਕ ਦੀ ਵੈਬਸਾਈਟ ’ਤੇ ਦਿਤੀ ਗਈ ਹੈ। ਚੀਮਾ ਨੇ ਇਸ ਕਾਰਜ ਲਈ ਬੈਂਕ ਮੈਨਜਮੈਂਟ ਨੂੰ ਵਧਾਈ ਦਿੱਤੀ। ਇਸ ਮੌਕੇ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਰਾਜੀਵ ਕੁਮਾਰ ਗੁਪਤਾ ਨੇ ਸਹਿਕਾਰਤਾ ਮੰਤਰੀ ਦਾ ਬੈਂਕ ਦੀ ਵੈੱਬਸਾਈਟ ਲਾਂਚ ਕਰਨ ਲਈ ਧੰਨਵਾਦ ਕੀਤਾ।