
ਮੈਂ ਗੁਰਦਾਸਪੁਰ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕਰਦੀ ਰਹਾਂਗੀ
Gurdaspur News : ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਐਲਾਨ ਕੀਤਾ ਹੈ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ ,ਜਦਕਿ ਇਸ ਤੋਂ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਉਹ ਭਾਜਪਾ ਤੋਂ ਬਾਗੀ ਹੋ ਕੇ ਚੋਣ ਮੈਦਾਨ ‘ਚ ਉਤਰ ਸਕਦੇ ਹਨ। ਇਸ ਸਬੰਧੀ ਕਵਿਤਾ ਖੰਨਾ ਨੇ ਆਪਣੇ ਸੋਸ਼ਲ ਮੀਡਿਆ 'ਤੇ ਇੱਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ।
ਕਵਿਤਾ ਖੰਨਾ ਨੇ ਫੇਸਬੁੱਕ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਕਈ ਸਿਆਸੀ ਪਾਰਟੀਆਂ ਨੇ ਮੈਨੂੰ ਉਨ੍ਹਾਂ ਦੀ ਟਿਕਟ 'ਤੇ ਚੋਣ ਲੜਨ ਦੀ ਪੇਸ਼ਕਸ਼ ਕੀਤੀ, ਜਿਸ ਦੇ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਮੇਰਾ ਫੈਸਲਾ ਇਹ ਹੈ ਕਿ ਮੈਂ 2024 ਦੀਆਂ ਗੁਰਦਾਸਪੁਰ ਲੋਕ ਸਭਾ ਚੋਣ ਨਹੀਂ ਲੜਾਂਗੀ। ਮੈਂ ਗੁਰਦਾਸਪੁਰ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕੰਮ ਕਰਦੀ ਰਹਾਂਗੀ, ਖਾਸ ਕਰਕੇ ਸਾਡੇ ਬੱਚਿਆਂ ਅਤੇ ਨੌਜਵਾਨਾਂ ਲਈ।
ਦਰਅਸਲ 'ਚ 2024 ਦੀਆਂ ਲੋਕ ਸਭਾ ਚੋਣਾਂ ‘ਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮਰਹੂਮ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ ਪਰ ਭਾਜਪਾ ਨੇ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਜਿਸ ਤੋਂ ਬਾਅਦ ਹੁਣ ਕਵਿਤਾ ਖੰਨਾ ਵੱਲੋਂ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ।
ਕਵਿਤਾ ਖੰਨਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ਤੋਂ ਵਿਨੋਦ ਖੰਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਵੀ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਕੀਤਾ। ਗੁਰਦਾਸਪੁਰ ਹਲਕਾ ਮੇਰਾ ਪਰਿਵਾਰ ਹੈ। ਮੈਂ ਇੱਥੇ ਕਵਿਤਾ ਅਤੇ ਵਿਨੋਦ ਖੰਨਾ ਫਾਊਂਡੇਸ਼ਨ ਦੀ ਸਥਾਪਨਾ ਵੀ ਕੀਤੀ ਹੈ।