
ਕਿਹਾ, ਦਿੱਲੀ ਜਾ ਕੇ ਦੇਖੋ ਕਿ ਵਿਕਾਸ ਕੀ ਹੁੰਦੈ
ਮੂਨਕ : ਪਿਛਲੀਆਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਵੋਟਾਂ ਲੈ ਕੇ ਕਾਂਗਰਸ ਦੀ ਸਰਕਾਰ ਬਣਾਈ ਪ੍ਰੰਤੂ 2 ਸਾਲ ਬੀਤ ਜਾਣ ਦੇ ਬਾਵਜੂਦ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸੇ ਤਰ੍ਹਾਂ ਅਕਾਲੀ ਭਾਜਪਾ ਸਰਕਾਰ ਨੇ ਵੀ ਪੰਜਾਬ ਦਾ ਕੁੱਝ ਨਹੀਂ ਸਵਾਰਿਆ ਤੇ ਪੰਜਾਬ ਦਾ ਬੇੜਾ ਬਿਠਾ ਕੇ ਰੱਖ ਦਿਤਾ।
Arvind Kejriwal during rally-1
ਇਹ ਵਿਚਾਰ ਆਮ ਆਦਮੀ ਪਾਰਟੀ ਦੇ ਕਨਵੀਂਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਪ ਦੇ ਉਮੀਦਵਾਰ ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਦੇਣ ਲਈ ਅੱਜ ਸਬ-ਡਵੀਜ਼ਨ ਮੂਨਕ ਦੇ ਪਿੰਡਾਂ ਵਿਚ ਚੋਣ ਰੈਲੀਆਂ ਦੌਰਾਨ ਸ਼ਹਿਰ ਦੇ ਬੱਸ ਸਟੈੱਡ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।
Arvind Kejriwal during rally-2
ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਤੁਸੀ ਭਗਵੰਤ ਮਾਨ ਨੂੰ ਐਮ.ਪੀ. ਬਣਾ ਕੇ ਸੰਸਦ ਵਿਚ ਭੇਜਿਆ ਸੀ ਜਿੱਥੇ ਮਾਨ ਨੇ ਸੰਸਦ ਵਿਚ ਛੋਟੇ ਸਾਹਿਬਜ਼ਾਦਿਆਂ ਵਲੋਂ ਦਿਤੀ ਗਈ ਕੁਰਬਾਨੀ ਨੂੰ ਯਾਦ ਕਰਦਿਆਂ ਪਿਛਲੇ ਸਾਲ 27 ਦਸੰਬਰ ਨੂੰ ਪੂਰੀ ਸੰਸਦ ਵਲੋਂ ਜਿਸ ਵਿਚ ਸਾਰੀ ਪਾਰਟੀਆਂ ਦੇ ਸਾਂਸਦ ਮੌਜੂਦ ਸਨ, ਸ਼ਰਧਾਜ਼ਲੀ ਭੇਂਟ ਕਰਵਾਈ ਜਦਕਿ ਪੰਜਾਬ ਵਲੋਂ ਅਕਾਲੀ ਭਾਜਪਾ ਅਤੇ ਕਾਂਗਰਸ ਦੇ ਅਨੇਕਾਂ ਲੀਡਰ ਸੰਸਦ ਵਿਚ ਪਿਛਲੇ 70 ਸਾਲਾਂ ਤੋਂ ਜਾ ਚੁਕੇ ਹਨ ਪਰ ਇਹੋ ਜਿਹਾ ਨੇਕ ਕੰਮ ਕਿਸੇ ਨੇ ਨਹੀਂ ਕੀਤਾ। ਜਦਕਿ ਹੁਣ ਹਰ ਸਾਲ ਸੰਸਦ ਵਲੋਂ 27 ਦਸੰਬਰ ਨੂੰ ਸ਼ਰਧਾਂਜਲੀ ਭੇਂਟ ਹੋਇਆ ਕਰੇਗੀ।
Arvind Kejriwal during rally-3
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਜਿਵੇਂ ਕਿ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣਾ, ਕਰਜ਼ਾ ਮੁਆਫ਼ ਕਰਨਾ, ਬੁਢਾਪਾ ਪੈਨਸ਼ਨ ਦੁੱਗਣੀ ਕਰਨਾ ਤੇ ਹੋਰ ਅਨੇਕਾਂ ਵਾਅਦੇ ਕਰ ਕੇ ਲੋਕਾਂ ਕੋਲ ਵੋਟਾਂ ਬਟੋਰ ਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਜਦਕਿ ਮੈਂ ਦਿੱਲੀ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਦਿੱਲੀ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਨੁਹਾਰ ਬਦਲ ਦਿਤੀ ਹੈ। ਤੁਸੀਂ ਦਿੱਲੀ ਜਾ ਕੇ ਦੇਖੋਗੇ ਤਾਂ ਤੁਹਾਨੂੰ ਵਿਕਾਸ ਹੀ ਵਿਕਾਸ ਨਜ਼ਰ ਆਵੇਗਾ।
Arvind Kejriwal during rally
ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੀ ਤੁਸੀਂ ਭਗਵੰਤ ਮਾਨ ਨੂੰ ਪਹਿਲਾਂ ਨਾਲੋਂ ਦੁੱਗਣੀਆਂ ਵੋਟਾਂ ਦੇ ਕੇ ਜਿਤਾ ਕੇ ਸੰਸਦ ਵਿਚ ਭੇਜੋ, ਜਿਥੇ ਪੰਜਾਬੀਆਂ, ਕਿਸਾਨਾਂ, ਮਜਦੂਰਾਂ ਅਤੇ ਨੌਜਵਾਨਾਂ ਦੇ ਹੱਕਾਂ ਪ੍ਰਤੀ ਅਵਾਜ਼ ਬੁਲੰਦ ਕਰ ਸਕਣ। ਇਸ ਮੌਕੇ 'ਆਪ' ਦੀ ਲੀਡਰਸ਼ਿਪ ਤੋਂ ਇਲਾਵਾ ਭਾਰੀ ਗਿਣਤੀ 'ਚ ਵਰਕਰ ਹਾਜ਼ਰ ਸਨ।