
ਪੁਲਿਸ ਸੁਰੱਖਿਆ ਅਮਲੇ ਵਿਚ ਸ਼ਾਮਲ ਸਹਾਇਕ ਥਾਣੇਦਾਰ ਫੱਟੜ
ਮਲੇਰਕੋਟਲਾ 12 ਮਈ (ਮੁਹੰਮਦ ਇਸਮਾਈਲ ਏਸ਼ੀਆ) : ਲੰਘੀ ਰਾਤ ਸਥਾਨਕ ਇਕ ਨਿਜੀ ਸਪਿਨਿੰਗ ਮਿੱਲ 'ਚ ਪਰਵਾਸੀ ਮਜ਼ਦੂਰਾਂ ਨੇ ਜ਼ਬਰਦਸਤ ਹੰਗਾਮਾ ਕੀਤਾ ਅਤੇ ਭੜਕੇ ਮਜ਼ਦੂਰਾਂ ਵਲੋਂ ਕੀਤੀ ਪੱਥਰਬਾਜ਼ੀ ਵਿਚ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਡੀ.ਐਸ.ਪੀ. ਮਲੇਰਕੋਟਲਾ ਸ੍ਰੀ ਸੁਮਿਤ ਸੂਦ ਸਮੇਤ ਐਸ.ਪੀ. ਮਨਜੀਤ ਸਿੰਘ ਬਰਾੜ ਦੇ ਸੁਰੱਖਿਆ ਅਮਲੇ ਵਿੱਚ ਸ਼ਾਮਲ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਫੱਟੜ ਹੋ ਗਏ। ਫੱਟੜਾਂ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਦਾਖ਼ਲ ਕਰਵਾਇਆ ਗਿਆ।
File photo
ਪ੍ਰਾਪਤ ਜਾਣਕਾਰੀ ਮੁਤਾਬਕ ਘੱਟ ਤਨਖ਼ਾਹ ਅਤੇ ਮਹਿੰਗੇ ਰਾਸ਼ਨ ਨੂੰ ਲੈ ਕੇ ਲੰਘੀ ਰਾਤ ਅਰਿਹਿੰਤ ਧਾਗਾ ਮਿਲ ਅੰਦਰ ਸੈਂਕੜੇ ਪਰਵਾਸੀ ਮਜ਼ਦੂਰਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਸੁਰੂ ਕਰ ਦਿਤਾ। ਭੜਕੇ ਮਜ਼ਦੂਰਾਂ ਨੂੰ ਕਾਬੂ ਕਰਨ ਵਿਚ ਨਾਕਾਮ ਹੋਏ ਮਿੱਲ ਪ੍ਰਬੰਧਕਾਂ ਵਲੋਂ ਸੂਚਨਾ ਦੇਣ 'ਤੇ ਐਸ.ਡੀ.ਐਮ. ਮਲੇਰਕੋਟਲਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਪੀ. ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਮਲੇਰਕੋਟਲਾ ਸ੍ਰੀ ਸੁਮਿਤ ਸੂਦ ਅਤੇ ਡੀ.ਐਸ.ਪੀ. ਅਮਰਗੜ੍ਹ ਕਰਨਬੀਰ ਸਿੰਘ ਆਦਿ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਭੜਕੇ ਮਜਦੂਰਾਂ ਨੂੰ ਭਾਵੇਂ ਇਕ ਵਾਰ ਤਾਂ ਸ਼ਾਂਤ ਕਰ ਕੇ ਕਮਰਿਆਂ ਵਿਚ ਵਾਪਸ ਭੇਜ ਦਿਤਾ ਪ੍ਰੰਤੂ ਰਾਤੀ ਕਰੀਬ 11:15 ਵਜੇ ਮਜ਼ਦੂਰਾਂ ਨੇ ਮੁੜ ਇਕੱਠੇ ਹੋ ਕੇ ਹੰਗਾਮਾ ਸ਼ੁਰੂ ਕਰ ਦਿਤਾ। ਮਜ਼ਦੂਰਾਂ ਵਲੋਂ ਕੀਤੀ ਪੱਥਰਬਾਜ਼ੀ ਵਿਚ ਐਸ.ਡੀ.ਐਮ. ਸ੍ਰੀ ਪਾਂਥੇ ਅਤੇ ਡੀ.ਐਸ.ਪੀ. ਸ੍ਰੀ ਸੂਦ ਸਮੇਤ ਏ.ਐਸ.ਆਈ. ਜਸਵਿੰਦਰ ਸਿੰਘ ਫੱਟੜ ਹੋ ਗਏ।
ਪੁਲਿਸ ਨੇ ਧਾਗਾ ਮਿੱਲ ਵਿਚ ਵਾਪਰੇ ਹੰਗਾਮੇ ਪਿਛੋਂ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਪੁਲਿਸ ਨੇ ਅਣਪਛਾਤੇ 300-400 ਅਣਪਛਾਤੇ ਲੋਕਾਂ ਵਿਰੁਧ ਧਾਰਾ 188 ਅਤੇ 269 ਡੀਜਾਸਟਰ ਐਕਟ ਤਹਿਤ ਮੁਕੱਦਮਾ ਨੰਬਰ 75 ਦਰਜ ਕਰ ਲਿਆ ਹੈ। ਭਾਵੇਂ ਕਿ ਲੰਘੀ ਰਾਤ ਤੋਂ ਹੀ ਧਾਗਾ ਮਿੱਲ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। ਰਾਤ ਵਾਪਰੀਆਂ ਘਟਨਾਵਾਂ ਪਿਛੋਂ ਅੱਜ ਪੁਲਿਸ ਤੇ ਸਿਵਲ ਪ੍ਰਸ਼ਾਸਨ ਮਿੱਲ ਪ੍ਰਬੰਧਕਾਂ ਤੇ ਮਜ਼ਦੂਰਾਂ ਦਰਮਿਆਨ ਕਿਸੇ ਸੁਖਾਵੇਂ ਸਮਝੌਤੇ ਲਈ ਯਤਨ ਸ਼ੁਰੂ ਕਰ ਦਿਤੇ।
ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਲਈ ਏ.ਡੀ.ਸੀ. ਸ੍ਰੀ ਰਾਜੇਸ਼ ਤ੍ਰਿਪਾਠੀ ਮਲੇਰਕੋਟਲਾ ਵਿਖੇ ਪਹੁੰਚ ਗਏ। ਪ੍ਰਸ਼ਾਸਨਿਕ ਯਤਨਾਂ ਦੇ ਬਾਵਜੂਦ ਅੱਜ ਸ਼ਾਮ ਤਕ ਮਜ਼ਦੂਰਾਂ ਤੇ ਪ੍ਰਸ਼ਾਸਨ ਦਰਮਿਆਨ ਸਮਝੌਤੇ ਦੇ ਯਤਨ ਸਫ਼ਲ ਨਹੀਂ ਹੋ ਸਕੇ। ਮਜ਼ਦੂਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੂਰੀ ਤਨਖ਼ਾਹ ਦਿਤੀ ਜਾਵੇ ਅਤੇ ਮਿੱਲ ਦੇ ਅੰਦਰਲੀਆਂ ਦੁਕਾਨਾਂ ਤੋਂ ਦੁੱਗਣੇ ਭਾਅ 'ਤੇ ਮਿਲਦਾ ਰਾਸ਼ਨ ਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਖਰੀਦਣ ਦੀ ਬਜਾਏ ਬਾਜ਼ਾਰ ਵਿਚੋਂ ਸਮਾਨ ਖਰੀਦ ਕੇ ਲਿਆਉਣ ਦੀ ਇਜ਼ਾਜ਼ਤ ਦਿਤੀ ਜਾਵੇ।