
ਸਿਮਰਜੀਤ ਬੈਂਸ ਨੇ ਜੁਝਾਰ ਟਰਾਂਸਪੋਰਟ ਕੰਪਨੀ ਖਿਲਾਫ ਕਾਰਵਾਈ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।
ਚੰਡੀਗੜ੍ਹ: ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੋਰੋਨਾ ਵਾਇਰਸ ਨੂੰ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਅਤੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਣ ਵਾਲੇ ਅਤੇ ਗਰੀਬ ਜਨਤਾ ਨੂੰ ਲੁੱਟ ਰਹੀ ਪੰਜਾਬ ਦੀ ਜੁਝਾਰ ਟਰਾਂਸਪੋਰਟ ਕੰਪਨੀ ਖਿਲਾਫ ਕਾਰਵਾਈ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।
Photo
ਚਿੱਠੀ ਵਿਚ ਉਹਨਾਂ ਲਿਖਿਆ ਕਿ, ਉਹਨਾਂ ਕੋਲ ਪਿਛਲੇ ਦਿਨਾਂ ਤੋਂ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਨੂੰ ਦੇਖਦੇ ਹੋਏ ਉਹ ਲੁਧਿਆਣਾ ਦੇ ਬੱਸ ਸਟੈਂਡ ਗਏ। ਉੱਥੇ ਉਹਨਾਂ ਨੇ ਦੇਖਿਆ ਕਿ ਯੂਪੀ ਦੇ ਗੌਂਡਾ ਅਤੇ ਹੋਰ ਸੂਬਿਆਂ ਦੇ ਜ਼ਿਲ੍ਹਿਆਂ ਨੂੰ ਜਾਣ ਵਾਲੇ ਕੁਝ ਮਜ਼ਦੂਰ ਜੁਝਾਰ ਬਸ ਕੋਲ ਖੜ੍ਹੇ ਸੀ ਤੇ ਕੁਝ ਬਸ ਅੰਦਰ ਬੈਠੇ ਸੀ। ਜਦੋਂ ਉਹਨਾਂ ਮਜ਼ਦੂਰਾਂ ਨੂੰ ਪੁੱਛਿਆ ਗਿਆ ਕਿ ਉਹ ਕਿੱਥੇ ਜਾ ਰਹੇ ਹਨ ਤਾਂ ਉਹਨਾਂ ਦੱਸਿਆ ਕਿ ਉਹ ਅਪਣੇ ਘਰ ਜਾ ਰਹੇ ਹਨ, ਜਿਸ ਲਈ ਉਹਨਾਂ ਨੂੰ ਲੁਧਿਆਣਾ ਦੇ ਜੁਝਾਰ ਬਸ ਦੇ ਪ੍ਰਬੰਧਕਾਂ ਨੇ ਯਕੀਨ ਦਿਵਾਇਆ ਹੈ।
Photo
ਇਸ ਦੇ ਲਈ ਉਹਨਾਂ ਕੋਲੋਂ 3600 ਰੁਪਏ ਕਿਰਾਇਆ ਲਿਆ ਜਾ ਰਿਹਾ। ਜਦੋਂ ਉਹਨਾਂ ਦੀ ਮੈਡੀਕਲ ਜਾਂਚ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਡਾਕਟਰ ਨੇ ਉਹਨਾਂ ਦਾ ਤਾਪਮਾਨ ਚੈੱਕ ਕਰ ਕੇ ਮੈਡੀਕਲ ਰਿਪੋਰਟ ਬਣਾ ਦਿੱਤੀ ਹੈ। ਜਦੋਂ ਇਸ ਸਬੰਧੀ ਜੁਝਾਰ ਬੱਸ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜ਼ਿਲ੍ਹਾ ਲੁਧਿਆਣਾ ਦੇ ਡੀਸੀ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।
Photo
ਇਸ ਦੌਰਾਨ ਜਦੋਂ ਡੀਸੀ ਨੂੰ ਫੋਨ ਕਰ ਕੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਪੂਰੀ ਘਟਨਾ ਦਾ ਲਾਈਵ ਪ੍ਰਸਾਰਣ ਵੀ ਕੀਤਾ ਗਿਆ। ਸਿਮਰਜੀਤ ਬੈਂਸ ਨੇ ਚਿੱਠੀ ਵਿਚ ਲਿਖਿਆ ਕਿ ਇਹ ਮਜ਼ਦੂਰ ਬਿਨਾਂ ਕੁਆਰੰਟਾਈਨ ਕੀਤੇ ਹੀ ਅਪਣੇ ਘਰ ਪਹੁੰਚ ਜਾਂਦੇ ਹਨ, ਜਿਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵਧ ਜਾਂਦਾ ਹੈ।
Simarjit Singh Bains
ਉਹਨਾਂ ਕਿਹਾ ਕਿ ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਲੁਧਿਆਣਾ ਦੇ ਜੁਝਾਰ ਟਰਾਂਸਪੋਰਟ ਵੱਲੋਂ ਇਸ ਤੋਂ ਇਲਾਵਾ ਵੀ ਕਈ ਗੈਰ-ਕਾਨੂੰਨੀ ਧੰਦੇ ਕੀਤੇ ਜਾ ਰਹੇ ਹਨ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਉਹਨਾਂ ਨੇ ਚਿੱਠੀ ਵਿਚ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਹਰ ਰੋਜ਼ 4000 ਤੋਂ ਲੈ ਕੇ 15000 ਮਜ਼ਦੂਰਾਂ ਨੂੰ ਟੈਸਟ ਕਰਨ ਤੋਂ ਬਾਅਦ ਰੇਲ ਗੱਡੀਆਂ ਵਿਚ ਸਮਾਜਕ ਦੂਰੀ ਦਾ ਪਾਲਣ ਕਰਦੇ ਹੋਏ ਸਰਕਾਰ ਵੱਲੋਂ ਬਿਨਾਂ ਕਿਸੇ ਕਿਰਾਏ ਤੋਂ ਉਹਨਾਂ ਦੇ ਸੂਬਿਆਂ ਵਿਚ ਪਹੁੰਚਾਇਆ ਜਾਂਦਾ ਹੈ, ਗ੍ਰਹਿ ਰਾਜ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਂਦਾ ਹੈ ਤਾਂ ਜੋ ਕੋਰੋਨਾ ਦਾ ਪ੍ਰਭਾਵ ਖਤਮ ਕੀਤਾ ਜਾ ਸਕੇ।
Photo
ਉਹਨਾਂ ਦੱਸਿਆ ਕਿ ਇਹ ਕੰਪਨੀ ਪੰਜਾਬ ਵਿਚ ਕੇਬਲ ਮਾਫੀਆ ਵੀ ਚਲਾਉਂਦੀ ਹੈ। ਉਹਨਾਂ ਨੇ ਲਿਖਿਆ ਕਿ ਇਸ ਕੰਪਨੀ ਦੇ ਪ੍ਰਬੰਧਕਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੀ ਗੱਲਬਾਤ ਹੈ ਅਤੇ ਇਸ ਤੋਂ ਪਹਿਲਾਂ ਇਹਨਾਂ ਦੀ ਅਕਾਲੀ ਦਲ ਨਾਲ ਗੱਲਬਾਤ ਸੀ। ਉਹਨਾਂ ਨੇ ਅਖੀਰ ਵਿਚ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖਲ ਦੇਣ ਅਤੇ ਇਸ 'ਤੇ ਕਾਰਵਾਈ ਕਰਨ ਤਾਂ ਜੋ ਕੋਰੋਨਾ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ।