
ਕੇਂਦਰ ਨੇ ਭੇਜੇ ਖ਼ਰਾਬ ਵੈਂਟੀਲੇਟਰ : ਸੋਨੀ
ਚੰਡੀਗੜ੍ਹ, 12 ਮਈ (ਸੁਰਜੀਤ ਸਿੰਘ ਸੱਤੀ) : ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੇਂਦਰ ਸਰਕਾਰ 'ਤੇ ਪੰਜਾਬ ਨੂੰ ਘਟੀਆ ਵੈਂਟੀਲੇਟਰ ਸਪਲਾਈ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਸੂਬੇ ਨੂੰ 320 ਵੈਂਟੀਲੋਟਰ ਭੇਜੇ ਗਏ ਸੀ, ਜਿਹੜੇ ਕਿ ਖ਼ਰਾਬ ਨਿਕਲੇ | ਫ਼ਰੀਦਕੋਟ ਵਿਚ ਇਨ੍ਹਾਂ ਨੂੰ ਚਲਾਉਣ ਵਿਚ ਪ੍ਰੇਸ਼ਾਨੀ ਆਈ ਤੇ ਵਧੇਰੇ ਵੈਂਟੀਲੇਟਰਾਂ ਨੇ ਕੰਮ ਹੀ ਨਹੀਂ ਕੀਤਾ | ਸੋਨੀ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖੇ ਤੇ ਹੁਣ ਕੇਂਦਰ ਵਲੋਂ ਇਹ ਵੈਂਟੀਲੇਟਰ ਦੇਣ ਵਾਲੀ ਕੰਪਨੀ ਦੇ ਟੈਕਨੀਸ਼ੀਅਨ ਚੈੱਕ ਕਰਨ ਲਈ ਆਏ ਹਨ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਭੇਜੇ ਗਏ ਵੈਂਟੀਲੇਟਰ ਨਾ ਚੱਲਣ 'ਤੇ ਪੰਜਾਬ ਨੂੰ ਅਪਣੇ ਵੈਂਟੀਲੇਟਰਾਂ ਨਾਲ ਕੰਮ ਚਲਾਉਣਾ ਪਿਆ ਤੇ ਲੋੜਵੰਦਾਂ ਨੂੰ ਵੈਂਟੀਲੇਟਰ ਸਹੂਲਤ ਮੁਹਈਆ ਕਰਵਾਈ ਗਈ |