
ਐਫ਼.ਆਈ.ਏ. ਮਨੀ ਲਾਂਡਰਿੰਗ ਮਾਮਲੇ ’ਚ ਸ਼ਾਹਬਾਜ਼ ਅਤੇ ਹਮਜ਼ਾ ਤੋਂ ਨਹੀਂ ਕਰੇਗੀ ਪੁਛਗਿਛ
ਇਸਲਾਮਾਬਾਦ, 12 ਮਈ : ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਫ਼.ਆਈ.ਏ.) ਨੇ 16 ਅਰਬ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਪੰਜਾਬ ਦੇ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਤੋਂ ਪੁਛਗਿਛ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਅਖ਼ਬਾਰ ‘ਡਾਨ’ ਨੇ ਵੀਰਵਾਰ ਨੂੰ ਅਪਣੀ ਰਿਪੋਰਟ ’ਚ ਇਹ ਜਾਣਕਾਰੀ ਦਿਤੀ।
ਐਫ਼.ਆਈ.ਏ. ਦੇ ਡਾਇਰੈਕਟਰ ਜਨਰਲ (ਡੀ.ਜੀ.) ਨੇ ਅਦਾਲਤ ਵਿਚ ਪੇਸ਼ ਕੀਤੀ ਲਿਖਤੀ ਅਰਜ਼ੀ ਵਿਚ ਕਿਹਾ ਹੈ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੁਣਿਆ ਜਾਣਾ ਹੈ ਅਤੇ ਅਜਿਹੀ ਸਥਿਤੀ ਵਿਚ ਸਬੰਧਤ ਧਿਰਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨ ਲਈ ਤਿਆਰ ਨਹੀਂ ਹਨ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਨਿਰਦੇਸ਼ਾਂ ਨੂੰ ਅਦਾਲਤ ਵਲੋਂ ਰਿਕਾਰਡ ਦੇ ਹਿੱਸੇ ’ਚ ਸ਼ਾਮਲ ਕਰ ਲਿਆ ਜਾਵੇ। ਐਫ਼.ਆਈ.ਏ. ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਤਿੰਨ ਦਿਨ ਪਹਿਲਾਂ ਲਾਹੌਰ ਦੀ ਵਿਸ਼ੇਸ਼ ਅਦਾਲਤ ਵਲੋਂ ਪੀਐਮਐਲ-ਐਨ ਆਗੂਆਂ ਵਿਰੁਧ ਦੋਸ਼ ਤੈਅ ਕੀਤੇ ਜਾਣੇ ਬਾਕੀ ਹਨ।
ਇਸ ਤੋਂ ਪਹਿਲਾਂ ਐਫ਼.ਆਈ.ਏ. ਦੇ ਸਾਬਕਾ ਡਾਇਰੈਕਟਰ ਮੁਹੰਮਦ ਰਿਜ਼ਵਾਨ, ਜਿਸ ਨੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਵਿਰੁਧ ਜਾਂਚ ਸ਼ੁਰੂ ਕੀਤੀ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਐਫ਼.ਆਈ.ਏ. ਨੇ ਇਸ ਮਾਮਲੇ ਵਿਚ ਸ਼ਾਹਬਾਜ਼, ਉਨ੍ਹਾਂ ਦੇ ਪੁੱਤਰ ਹਮਜ਼ਾ ਸ਼ਰੀਫ਼ ਅਤੇ ਸੁਲੇਮਾਨ ਵਿਰੁਧ ਨਵੰਬਰ 2020 ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਦੌਰਾਨ ਸੁਲੇਮਾਨ ਸ਼ਾਹਬਾਜ਼ ਗੁਪਤ ਤੌਰ ’ਤੇ ਯੂਕੇ ਭੱਜ ਗਿਆ ਸੀ ਜਦਕਿ ਵਿਸ਼ੇਸ਼ ਅਦਾਲਤ ਨੇ 27 ਜਨਵਰੀ ਨੂੰ ਸ਼ਰੀਫ਼ ਅਤੇ ਹਮਜ਼ਾ ਸ਼ਰੀਫ਼ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੇ ਦਿਤੀ ਸੀ। ਏਜੰਸੀ ਦੇ ਪੂਰੇ ਮਾਮਲੇ ’ਚ ਅਜਿਹੇ ਫ਼ੈਸਲੇ ਤੋਂ ਬਾਅਦ ਹੁਣ ਅਦਾਲਤ ਐਫ਼.ਆਈ.ਏ. ਦੇ ਡਾਇਰੈਕਟਰ ਜਨਰਲ ਦੀ ਅਰਜ਼ੀ ਨੂੰ ਅਪਣੀ ਕਾਰਵਾਈ ਦੇ ਰਿਕਾਰਡ ’ਚ ਸ਼ਾਮਲ ਕਰੇਗੀ ਅਤੇ ਇਸ ਨੂੰ ਮਾਮਲੇ ਨਾਲ ਨੱਥੀ ਕਰੇਗੀ। (ਏਜੰਸੀ)