
ਲੋਕ ਵਿਕਾਸ ਦੀ ਰਾਜਨੀਤੀ ਪਸੰਦ ਕਰਦੇ ਨੇ
ਜਲੰਧਰ : ਜਲੰਧਰ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਲੰਧਰ ਜਿੱਤ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੀ ਵਧਾ ਦਿੱਤੀ ਹੈ ਤੇ ਹੁਣ ਅਸੀਂ ਜਲੰਧਰ ਨੂੰ ਵੀ ਸਾਫ਼ ਸੁਧਰਾ ਬਣਾਉਣ 'ਤੇ ਕੰਮ ਸ਼ੁਰੂ ਕਰਾਂਗੇ। ਲੋਕਾਂ ਨੇ ਇਕ ਵਾਰ ਫਇਰ ਸਾਡੇ 'ਤੇ ਭਰੋਸਾ ਦਿਖਾਇਆ ਹੈ ਜੋ ਕਿ ਅਸੀਂ ਟੁੱਟਣ ਨਹੀਂ ਦੇਵਾਂਗੇ।
ਇਹ ਸਾਬਤ ਹੋ ਗਿਆ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ 'ਤੇ ਮੋਹਰ ਲਾਈ ਹੈ। ਸਾਡੀ 14 ਮਹੀਨਿਆਂ ਦੀ ਸਰਕਾਰ ਦੌਰਾਨ ਲਏ ਫ਼ੈਸਲੇ ਲੋਕਾਂ ਨੂੰ ਪਸੰਦ ਆਏ ਹਨ ਤੇ ਉਨ੍ਹਾਂ ਨੇ ਜਲੰਧਰ ਲੋਕ ਸਭਾ ਸੀਟ 'ਤੇ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ਹੈ। ਲੋਕਾਂ ਨੇ ਦਿਖਾ ਦਿੱਤਾ ਹੈ ਕਿ ਉਹ ਉਨ੍ਹਾਂ ਦੇ ਨਾਲ ਹਨ ਤੇ ਜੋ ਲੋਕ ਭਟਕੇ ਹੋਏ ਹਨ ਉਹ ਵੀ ਜਲਦ ਉਨ੍ਹਾਂ ਦੇ ਨਾਲ ਹੋਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਧਰਮਾਂ ਦੇ ਨਾਂ 'ਤੇ ਵੋਟਾਂ ਨਹੀਂ ਮੰਗੀਆਂ ਸਗੋਂ ਮੁੱਦਿਆਂ ਦੀ ਸਿਆਸਤ ਕੀਤੀ ਹੈ। ਜਲੰਧਰ ਚੋਣ ਪ੍ਰਚਾਰ ਦੌਰਾਨ ਅਸੀਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਕਿਉਂਕਿ ਅਸੀਂ ਪਹਿਲਾਂ ਕੀਤੇ ਵਾਅਦਿਆਂ 'ਤੇ ਖਰੇ ਉੱਤਰੇ ਹਾਂ ਇਸ ਕਰਕੇ ਜਲੰਧਰ ਦੇ ਵੋਟਰਾਂ ਨੇ ਸਾਡੇ 'ਤੇ ਭਰੋਸਾ ਜਤਾਇਆ ਹੈ ਤੇ ਸਾਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਉਨ੍ਹਾਂ ਨੇ ਕਿਹਾ ਕਿ ਜਲੰਧਰ ਚੋਣ ਪ੍ਰਚਾਰ ਦੌਰਾਨ ਜਿਨ੍ਹਾਂ ਲੋਕਾਂ ਨੇ ਸਾਨੂੰ ਮਾਣ ਬਖ਼ਸ਼ਿਆ, ਸਾਡੀ ਇੱਜ਼ਤ ਕੀਤੀ, ਸਾਡੇ 'ਤੇ ਫੁੱਲਾਂ ਦੀ ਵਰਖਾ ਕੀਤੀ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ ਅਤੇ ਗ਼ਲਤ ਟਿੱਪਣੀਆਂ ਕੀਤੀਆਂ, ਉਨ੍ਹਾਂ ਦਾ ਵੀ ਭਲਾ ਹੋਵੇ। ਆਉਣ ਵਾਲੇ ਦਿਨਾਂ 'ਚ ਸ਼ਾਇਦ ਸਾਡੇ ਸਿਆਸੀ ਵਿਰੋਧੀ ਵੀ ਆਪਣਾ ਏਜੰਡਾ ਬਦਲ ਲੈਣ ਕਿਉਂਕਿ ਲੋਕਾਂ ਨੇ ਗਲਤ ਸਿਆਸਤ ਨੂੰ ਨਾਕਾਰ ਦਿੱਤਾ ਹੈ। ਹੁਣ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਿਆਂ, ਤਾਅਨੇ ਮਿਹਣੇ ਮਾਰਨ ਜਾਂ ਨਿੱਜੀ ਟਿੱਪਣੀਆਂ ਕਰਨ ਵਾਲਿਆਂ ਨੂੰ ਨਹੀਂ ਸਗੋਂ ਵਿਕਾਸ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਪਸੰਦ ਕਰਨ ਲੱਗੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ 2014 ਅਤੇ 2019 ਵਿੱਚ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਚਰਚਾ ਕੀਤੀ ਅਤੇ ਲੋਕ ਸਭਾ ਵਿਚ ਜ਼ੀਰੋ ਤੱਕ ਪਹੁੰਚਣ ਦਾ ਵੀ ਜ਼ਿਕਰ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜਲੰਧਰ ਵਿਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੀਟ ਕਾਂਗਰਸ ਦਾ ਗੜ੍ਹ ਰਹੀ ਹੈ ਅਤੇ ਇੱਥੇ 50 ਸਾਲਾਂ ਤੋਂ ਕਾਂਗਰਸ ਜਿੱਤਦੀ ਆ ਰਹੀ ਹੈ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ 'ਆਪ' ਦੀ ਸਰਕਾਰ ਬਣੀ ਨੂੰ ਇਕ ਸਾਲ ਹੀ ਹੋਇਆ ਹੈ। ਪਹਿਲਾ ਸਾਲ ਕਿਸੇ ਵੀ ਪਾਰਟੀ ਲਈ ਔਖਾ ਹੁੰਦਾ ਹੈ। ਉਹਨਾਂ ਨੇ ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਨਾ ਹੈ। ਪੰਜਾਬ ਵਿਚ ਵੀ ‘ਆਪ’ ਸਰਕਾਰ ਅੱਗੇ ਕਈ ਸਮੱਸਿਆਵਾਂ ਸਨ। ਇਨ੍ਹਾਂ ਨੂੰ ਹੱਲ ਕਰਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਉਸਾਰੂ ਮਾਹੌਲ ਸਿਰਜਿਆ ਹੈ। ਉਨ੍ਹਾਂ ਦੀ ਪਾਰਟੀ ਕੰਮ ਲਈ ਹੀ ਵੋਟਾਂ ਮੰਗਦੀ ਹੈ। ਜਲੰਧਰ ਦਾ ਨਤੀਜਾ ਪੰਜਾਬ ਦਾ ਮੂਡ ਦੱਸਦਾ ਹੈ। ਉਥੇ ਮੌਜੂਦ ਲੋਕਾਂ ਨੇ ਭਗਵੰਤ ਮਾਨ ਦੇ ਕੰਮਾਂ 'ਤੇ ਮੋਹਰ ਲਾਈ ਅਤੇ ਅੱਗੇ ਵਧਣ ਲਈ ਕਿਹਾ।