
ਪੁਲਿਸ ਨੇ ਥਾਣਾ ਬੱਧਨੀ ਕਲਾਂ ਵਿੱਚ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ
Moga News : ਮੋਗਾ ਦੇ ਪਿੰਡ ਬੂਟਰ ਵਿਖੇ ਇੱਕ ਵਿਅਕਤੀ ਨਾਲ 37 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਥਾਣਾ ਬੱਧਨੀ ਕਲਾਂ ਵਿੱਚ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਹਰਪ੍ਰੀਤ ਨੇ ਦੱਸਿਆ ਕਿ ਸਾਡੇ ਕੋਲ ਵਾੜਾ ਭਾਈ ਕਾ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਿੰਡ ਬੁੱਟਰ ਦੇ ਗੁਰਚਰਨ ਸਿੰਘ ਨੇ ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਆਪਣੀ ਬੇਟੀ ਮਨਪ੍ਰੀਤ ਕੌਰ ਦਾ ਵਿਆਹ ਮੇਰੇ ਲੜਕੇ ਨਾਲ ਕਰਵਾ ਕੇ ਦਿੱਤਾ। ਉਸ ਦੇ ਵਿਦੇਸ਼ ਜਾਣ ਅਤੇ ਪੀਆਰ ਕਰਵਾਉਣ ਤੇ ਉਸਦਾ 37 ਲੱਖ ਰੁਪਏ ਦਾ ਖ਼ਰਚਾ ਕਰਵਾ ਦਿੱਤਾ।
ਹੁਣ ਉਸਦੇ ਬੇਟੇ ਨੂੰ ਵਿਦੇਸ਼ ਭੇਜਣ ਲਈ 25 ਲੱਖ ਰੁਪਏ ਹੋਰ ਮੰਗ ਰਹੇ ਹਨ। ਜੇਕਰ ਅਸੀਂ ਪੈਸੇ ਨਾ ਦਿੱਤੇ ਤਾਂ ਉਹ ਲੜਕੇ ਨੂੰ ਵਿਦੇਸ਼ ਨਹੀਂ ਭੇਜਣਗੇ ਅਤੇ ਮੇਰੇ ਲੜਕੇ ਜਸਪ੍ਰੀਤ ਦੀ ਪਤਨੀ ਮਨਪ੍ਰੀਤ ਨੇ ਵੀ ਮੇਰੇ ਲੜਕੇ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ।
ਜਿਸ ਤੋਂ ਬਾਅਦ ਹੁਣ ਜਗਤਾਰ ਸਿੰਘ ਦੇ ਬਿਆਨਾਂ ’ਤੇ ਮਨਪ੍ਰੀਤ ਕੌਰ, ਉਸ ਦੇ ਪਿਤਾ ਗੁਰਚਰਨ ਸਿੰਘ ਅਤੇ ਮਨਪ੍ਰੀਤ ਦੀ ਮਾਤਾ ਸੁਖਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।