
ਤਰਨਤਾਰਨ ਦੇ ਰਹਿਣ ਵਾਲੇ ਹਨ ਦੋਵੇਂ ਆਰੋਪੀ
Kapurthala News : ਕਪੂਰਥਲਾ ਦੇ ਸੁਭਾਨਪੁਰ ਥਾਣਾ ਪੁਲਸ ਨੇ ਨਾਕਾਬੰਦੀ ਦੌਰਾਨ 2 ਨੌਜਵਾਨਾਂ ਨੂੰ ਹੈਰੋਇਨ ਲੈ ਕੇ ਆਉਂਦੇ ਸਮੇਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 165 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਏਐਸਆਈ ਅਮਨਦੀਪ ਸਿੰਘ ਨੇ ਪੁਲੀਸ ਟੀਮ ਸਮੇਤ ਸੁਭਾਨਪੁਰ ਨਡਾਲਾ ਸਾਈਡ ਬੱਸ ਸਟੈਂਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸੁਭਾਨਪੁਰ ਦੇ ਜੀ.ਟੀ.ਰੋਡ ਪੁਲ ਦੇ ਹੇਠਾਂ ਤੋਂ 2 ਨੌਜਵਾਨ ਪੈਦਲ ਹੀ ਪੁਲ ਪਾਰ ਕਰਦੇ ਦੇਖੇ ਗਏ। ਜਿਨ੍ਹਾਂ ਨੇ ਪੁਲਿਸ ਦਾ ਨਾਕਾ ਦੇਖ ਕੇ ਘਬਰਾ ਕੇ ਆਪਣੇ ਹੱਥਾਂ 'ਚ ਫੜੇ ਮੋਮੀ ਲਿਫਾਫੇ ਸੜਕ ਕਿਨਾਰੇ ਸੁੱਟ ਕੇ ਤੇਜ਼ ਰਫਤਾਰ ਨਾਲ ਚੱਲਣ ਲੱਗੇ।
ਪੁਲੀਸ ਟੀਮ ਨੇ ਸ਼ੱਕ ਦੇ ਆਧਾਰ ’ਤੇ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਇਨ੍ਹਾਂ ਨੇ ਆਪਣਾ ਨਾਂ ਬੌਬੀ ਸਿੰਘ ਅਤੇ ਅਕਾਸ਼ਦੀਪ ਸਿੰਘ ਵਾਸੀ ਪਿੰਡ ਪੰਜਵੜ ਕਲਾਂ, ਵਾਸੀ ਪਿੰਡ ਤਰਨਤਾਰਨ ਦੱਸਿਆ ਹੈ।
ਪੁਲੀਸ ਟੀਮ ਨੇ ਜਦੋਂ ਉਨ੍ਹਾਂ ਵੱਲੋਂ ਸੁੱਟੇ ਮੋਮੀ ਲਿਫ਼ਾਫ਼ਿਆਂ ਦੀ ਜਾਂਚ ਕੀਤੀ ਤਾਂ ਇੱਕ ਲਿਫ਼ਾਫ਼ੇ ਵਿੱਚੋਂ 100 ਗ੍ਰਾਮ ਹੈਰੋਇਨ ਅਤੇ ਦੂਜੇ ਲਿਫ਼ਾਫ਼ੇ ਵਿੱਚੋਂ 65 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਨਾਂ ਨਸ਼ਾ ਤਸਕਰਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।