
ਸੂਬਾ ਸਰਕਾਰ ਨੇ 20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨਾਂ ਪ੍ਰਤੀ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੇ ਤਾਜ਼ਾ ਫੈਸਲੇ ਮੁਤਾਬਕ ਹੁਕਮ ...
ਬਠਿੰਡਾ, ਸੂਬਾ ਸਰਕਾਰ ਨੇ 20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨਾਂ ਪ੍ਰਤੀ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਦੇ ਤਾਜ਼ਾ ਫੈਸਲੇ ਮੁਤਾਬਕ ਹੁਕਮ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿਚ ਟਿਊਬਵੈਲ ਦਾ ਮੋਟਰ ਕੁਨੈਕਸ਼ਨ ਕੱਟਣ ਤੋਂ ਇਲਾਵਾ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਵੀ ਨਹੀਂ ਕੀਤੀ ਜਾਵੇਗੀ।
ਅੱਜ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਬੈਸ ਵਲੋ ਸਥਾਨਕ ਖੇਤੀ ਭਵਨ ਵਿਖੇ ਜ਼ਿਲੇ ਦੇ ਖੇਤੀਬਾੜੀ ਅਫ਼ਸਰ ਅਤੇ ਹੋਰ ਫੀਲਡ ਸਟਾਫ ਨਾਲ ਕੀਤੀ ਮੀਟਿੰਗ ਦੌਰਾਨ ਹੁਕਮ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਦੀਆਂ ਲਿਸਟਾਂ ਤਿਆਰ ਕਰਨ ਦੇ ਆਦੇਸ਼ ਦਿੱਤੇ। ਇਹ ਵੀ ਪਤਾ ਲੱਗਿਆ ਹੈ ਕਿ ਜ਼ਿਲ੍ਹੇ ਵਿਚ ਸਮੇਂ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ 10 ਕਿਸਾਨਾਂ ਨੂੰ ਵਿਭਾਗ ਵਲੋਂ ਨੋਟਿਸ ਜਾਰੀ ਕੀਤੇ ਗਏ ਹਨ।
ਇੰਨ੍ਹਾਂ ਨੋਟਿਸਾਂ ਤਹਿਤ ਕਿਸਾਨਾਂ ਨੂੰ ਝੋਨਾ ਵਾਹੁਣ ਜਾਂ ਫ਼ਿਰ ਪ੍ਰਤੀ ਹੈਕਟੇਅਰ 10 ਹਜ਼ਾਰ ਰੁਪਏ ਜੁਰਮਾਨਾ ਭਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਨਹਿਰੀ ਵਿਭਾਗ ਵਲੋ ਸਾਫ ਸਫ਼ਾਈ ਦੇ ਨਾਮ ਹੇਠ 1 ਜੂਨ ਤੋਂ 18 ਜੂਨ ਤੱਕ ਨਹਿਰਾ/ਸੂਏ/ਕੱਸੀਆ ਵਿਚ ਪਾਣੀ ਦੀ ਬੰਦੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਝੋਨੇ ਦੀ ਬਿਜਾਈ ਸਮੇਂ ਖੇਤੀਬਾੜੀ ਵਿਭਾਗ ਵੱਲੋ ਪੰਜਾਬ ਸਟੇਟ ਪਾਵਰ ਕਾਰਪੋਰਸ਼ਨ ਨਾਲ ਵੀ ਲਗਾਤਾਰ ਤਾਲਮੇਲ ਕਰਕੇ 1 ਜੂਨ ਤੋ 20 ਜੂਨ ਤੱਕ ਅਪਣੇ ਫੀਡਰਾਂ ਅਤੇ ਲਾਇਨਾਂ ਦੀ ਮਰੁੰਮਤ ਕਰਨ ਲਈ ਕਿਹਾ ਹੈ।
ਮੁੱਖ ਖੇਤੀਬਾੜੀ ਅਫਸਰ ਡਾ ਗੁਰਦਿੱਤਾ ਸਿੰਘ ਸਿੱਧੂ ਨੇ ਅੱਜ ਦੀ ਮੀਟਿੰਗ ਸਬੰਧੀ ਦਸਿਆ ਕਿ ਦਿਆਲਪੁਰਾ ਮਿਰਜਾ, ਭੋਡੀਪੁਰਾ ਪਿੰਡਾ ਵਿੱਚ ਕੁਝ ਕਿਸਾਨਾ ਵੱਲੋ 20 ਜੂਨ ਤੋਂ ਪਹਿਲਾ 4 ਏਕੜ ਵਿੱਚ ਝੋਨੇ ਦੀ ਟਰਾਂਸ-ਪਲਾਟਏਸ਼ਨ ਕੀਤੀ ਗਈ ਸੀ। ਜਿਹੜਾ ਕਿ ਵਿਭਾਗ ਵੱਲੋ ਕਿਸਾਨ ਨੂੰ ਸਮਝਾ ਕੇ ਵਹਾ ਦਿੱਤਾ ਗਿਆ ਸੀ। ਇਸ ਸਬੰਧੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਿੰਡ-ਵਾਰ ਲਗਾਏ ਜਾ ਰਹੇ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ।