
ਵਾਧੂ ਪਾਣੀ ਛੱਡਣ ਦਾ ਫ਼ੈਸਲਾ ਸਾਰੇ ਭਾਈਵਾਲ ਸੂਬਿਆਂ ਦੀ ਸਹਿਮਤੀ ਨਾਲ ਟੈਕਨੀਕਲ ਕਮੇਟੀ ਵਲੋਂ ਲਿਆ ਗਿਆ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵਲੋਂ ਸੂਬੇ ਦੀਆਂ ਨਹਿਰਾਂ ਸੁਕਿਆਂ ਹੋਣ ਅਤੇ ਸਰਕਾਰ ਵਲੋਂ ਪਾਕਿਸਤਾਨ ਨੂੰ ਪਾਣੀ ਛੱਡਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਹਿਫ਼ਾਜਤੀ ਕਦਮਾਂ ਵਜੋਂ ਵਾਧੂ ਪਾਣੀ ਛਡਿਆ ਜਾ ਰਿਹਾ ਹੈ ਤਾਂ ਜੋ ਸਤਲੁਜ ਅਤੇ ਬਿਆਸ ਦਰਿਆ ਦੇ ਇਲਾਕਿਆਂ ਵਿਚ ਹੜ੍ਹ ਤੋਂ ਬਚਿਆ ਜਾ ਸਕੇ। ਪੀ.ਈ.ਪੀ ਦੇ ਮੁਖੀ ਦੇ ਆਧਾਰਹੀਣ ਦੋਸ਼ਾਂ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦਸਿਆ ਹੈ ਅਤੇ ਕਿਹਾ ਹੈ ਕਿ ਇਸ ਦਾ ਉਦੇਸ਼ ਗ਼ਲਤ ਸੂਚਨਾ ਦਾ ਪਸਾਰ ਕਰਨਾ ਹੈ।
Captain Amrinder Singh
ਮੁੱਖ ਮੰਤਰੀ ਨੇ ਕਿਹਾ ਕਿ ਫ਼ਾਲਤੂ ਪਾਣੀ ਨੂੰ ਛੱਡਣ ਦਾ ਫ਼ੈਸਲਾ ਹਿਫ਼ਾਜਤੀ ਕਦਮਾਂ ਵਜੋਂ ਨਿਯਮਿਤ ਤਰੀਕੇ ਨਾਲ ਟੈਕਨੀਕਲ ਕਮੇਟੀ ਦੀ 28 ਮਈ, 2019 ਨੂੰ ਹੋਈ ਮੀਟਿੰਗ ਵਿਚ ਕੀਤਾ ਗਿਆ। ਇਸ ਵਿਚ ਸਾਰੇ ਭਾਈਵਾਲ ਸੂਬਿਆਂ ਦੇ ਨੁਮਾਇੰਦੇ ਹਾਜ਼ਰ ਸਨ। ਉਨ੍ਹਾਂ ਦਸਿਆ ਕਿ ਮੀਟਿੰਗ ਦੌਰਾਨ ਆਮ ਸਹਿਮਤੀ ਨਾਲ ਇਹ ਵਿਚਾਰ ਸਾਹਮਣੇ ਆਇਆ ਕਿ ਇਸ ਵੇਲੇ ਸਪੱਸ਼ਟ ਤੌਰ 'ਤੇ ਫ਼ਾਲਤੂ ਪਾਣੀ ਹੈ ਅਤੇ ਫ਼ਾਲਤੂ ਪਾਣੀ ਨੂੰ ਜਾਰੀ ਕਰ ਕੇ ਅਤੇ ਇਸ ਦੇ ਨਾਲ ਹੀ ਬਿਜਲੀ ਉਤਪਾਦਨ ਦਾ ਲਾਭ ਪ੍ਰਾਪਤ ਕਰਨ ਲਈ ਇਸ ਨੂੰ ਫ਼ਾਇਦੇਮੰਦ ਤਰੀਕੇ ਨਾਲ ਵਰਤਣ ਦਾ ਢੁਕਵਾਂ ਸਮਾਂ ਹੋਵੇਗਾ। ਜੇ ਅਜਿਹਾ ਨਾ ਕੀਤਾ ਜਾਂਦਾ ਅਤੇ ਬਾਅਦ ਵਿਚ ਫ਼ਾਲਤੂ ਪਾਣੀ ਸਪਿਲਵੇਅ ਰਾਹੀਂ ਛੱਡ ਦਿਤਾ ਜਾਂਦਾ ਤਾਂ ਉਹ ਨਾ ਕੇਵਲ ਫ਼ਜ਼ੂਲ ਚਲਿਆ ਜਾਂਦਾ ਸਗੋਂ ਇਸ ਨਾਲ ਸਤਲੁਜ ਤੇ ਬਿਆਸ ਦਰਿਆਵਾਂ ਦੇ ਨਾਲ ਲਗਦੇ ਇਲਾਕਿਆਂ ਵਿਚ ਹੜ੍ਹਾਂ ਨਾਲ ਨੁਕਸਾਨ ਵੀ ਹੁੰਦਾ।
Sukhpal Singh Khaira
ਕੈਪਟਨ ਨੇ ਖਹਿਰਾ ਨੂੰ ਅਪੀਲ ਕੀਤੀ ਕਿ ਉਹ ਆਧਾਰਹੀਣ ਦਾਅਵਿਆਂ ਦੇ ਰਾਹੀਂ ਲੋਕਾਂ ਵਿਚ ਬਣੇ ਰਹਿਣ ਦੀ ਪ੍ਰਵਿਰਤੀ ਨੂੰ ਛੱਡਣ। ਖਹਿਰਾ ਵਲੋਂ 15000 ਤੋਂ 20000 ਕਿਊਸਿਕ ਪਾਣੀ ਛੱਡੇ ਜਾਣ ਦੇ ਕੀਤੇ ਆਧਾਰਹੀਣ ਦਾਅਵੇ ਦੇ ਉਲਟ ਕੈਪਟਨ ਨੇ ਦਸਿਆ ਕਿ ਪਿਛਲੇ 24ਵੀਂ ਦਿਨਾਂ ਤੋਂ ਫ਼ਿਰੋਜ਼ਪੁਰ ਹੈਡਵਰਕਸ ਤੋਂ ਪਾਕਿਸਤਾਨ ਨੂੰ 8700 ਸੀਜ ਔਸਤਨ ਪਾਣੀ ਰੋਜ਼ਮਰ੍ਹਾ ਦੇ ਆਧਾਰ 'ਤੇ ਛਡਿਆ ਗਿਆ ਹੈ ਅਤੇ ਇਸ ਸਬੰਧ ਵਿਚ ਨਿਯਮਿਤ ਤੌਰ 'ਤੇ ਸਥਿਤੀ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜਾ ਰਹੇ ਪਾਣੀ 'ਤੇ ਆਉਂਦੇ ਦਿਨਾਂ ਦੌਰਾਨ ਨਿਯੰਤਰਣ ਕਰ ਲਿਆ ਜਾਵੇਗਾ।