
ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਸਰਕਾਰੀ ਸਕੂਲਾਂ ’ਚ ਵਧੇ ਦਾਖ਼ਲਿਆਂ ਨੂੰ ਮੁੱਖ-ਰਖਦਿਆਂ
ਚੰਡੀਗੜ੍ਹ, 12 ਜੂਨ (ਨੀਲ ਭÇਲੰਦਰ) : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਸਰਕਾਰੀ ਸਕੂਲਾਂ ’ਚ ਵਧੇ ਦਾਖ਼ਲਿਆਂ ਨੂੰ ਮੁੱਖ-ਰਖਦਿਆਂ ਅਧਿਆਪਕ ਭਰਤੀ ਲਈ ਅਸਾਮੀਆਂ ਵਧਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਹੁਣ ਤਕ ਕਰੀਬ 1 ਲੱਖ 65 ਹਜ਼ਾਰ ਨਵੇਂ ਦਾਖ਼ਲੇ ਹੋ ਚੁੱਕੇ ਹਨ। ਕਰੋਨਾ-ਸੰਕਟ ਕਾਰਨ ਪੈਦਾ ਹੋਏ ਆਰਥਕ-ਸੰਕਟ ਕਾਰਨ ਇਹ ਅੰਕੜਾ ਹੋਰ ਜ਼ਿਆਦਾ ਹੋਣ ਦੀ ਉਮੀਦ ਹੈ।
File Photo
ਜਿਸ ਕਰ ਕੇ ਪੰਜਾਬ ਸਰਕਾਰ ਨੂੰ ਅਗਾਊਂ ਪ੍ਰਬੰਧ ਕਰਦਿਆਂ ਅਧਿਆਪਕਾਂ ਦੀ ਭਰਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2182 ਅਸਾਮੀਆਂ ਦੀ ਚਲਦੀ ਭਰਤੀ ਪ੍ਰਕਿਰਿਆ ਵਿਚ ਵਾਧਾ ਕਰਦਿਆਂ ਘੱਟੋ-ਘੱਟ 10 ਹਜ਼ਾਰ ਅਧਿਆਪਕ ਭਰਤੀ ਕੀਤੇ ਜਾਣ। ਟੈੱਟ ਪਾਸ ਕਰਨ ਉਪਰੰਤ ਨੌਕਰੀ ਉਡੀਕਦਿਆਂ ਉਮਰ ਲੰਘਾ ਚੁੱਕੇ ਉਮੀਦਵਾਰਾਂ ਲਈ ਛੋਟ ਦਿੰਦਿਆਂ ਉਮਰ-ਹੱਦ ਵਧਾ ਕੇ 37 ਤੋਂ 42 ਸਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 2182 ਅਸਾਮੀਆਂ ਤਹਿਤ ਸਮਾਜਕ ਸਿਖਿਆ ਦੀਆਂ 52, ਪੰਜਾਬ ਦੀਆਂ 60 ਅਤੇ ਹਿੰਦੀ ਦੀਆਂ ਮਹਿਜ਼ 40 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ, ਜੋ ਕਿ ਮਹਿਜ਼ ਖ਼ਜ਼ਾਨਾ ਭਰਨ ਲਈ ਢਕਵੰਜ ਹੈ। ਇਨ੍ਹਾਂ ਅਸਾਮੀਆਂ ਨੂੰ ਵਧਾਉਂਦਿਆਂ ਸਾਰੇ ਵਿਸ਼ਿਆਂ ਦੇ ਅਧਿਆਪਕ ਭਰਤੀ ਕੀਤੇ ਜਾਣ।