
ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ
ਚੰਡੀਗੜ੍ਹ, 12 ਜੂਨ (ਗੁਰਉਪਦੇਸ਼ ਭੁੱਲਰ): ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ ਅਤੇ ਉਥੇ ਨਾਲ ਹੀ ਪਾਜੇਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਜਿਥੇ 5 ਹੋਰ ਮੌਤਾਂ ਹੋਈਆਂ ਹਨ ਉਥੇ 100 ਤੋਂ ਵੱਧ ਨਵੇਂ ਪਾਜੇਟਿਵ ਮਾਮਲੇ ਵੀ ਆਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਦੇ 24 ਘੰਟਿਆਂ ਦੇ ਸਮੇਂ ਵੀ ਕੋਰੋਨਾ ਨੇ 5 ਜਾਨਾਂ ਲਈਆਂ ਸਨ। ਹੁਣ ਸੂਬੇ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਦਾ ਅੰਕੜਾ ਵੀ 64 ਹੋ ਗਿਆ ਹੈ। ਅੱਜ ਸ਼ਾਮ ਤਕ 100 ਤੋਂ ਵੱਧ ਨਵੇਂ ਪਾਜੇਟਿਵ ਮਾਮਲੇ ਆਉਣ ਨਾਲ ਕੁਲ ਅੰਕੜਾ 3000 ਦੇ ਨੇੜੇ ਜਾ ਪੁੱਜਾ ਹੈ। ਸੱਭ ਤੋਂ ਵੱਧ 63 ਕੇਸ ਜ਼ਿਲ੍ਹਾ ਅੰਮ੍ਰਿਤਸਰ ਦੇ ਆਏ ਹਨ।
File Photo
ਅੱਜ 23 ਮਰੀਜ਼ ਠੀਕ ਵੀ ਹੋਏ ਹਨ ਜਿਸ ਨਾਲ ਇਨ੍ਹਾਂ ਦੀ ਕੁਲ ਗਿਣਤੀ 2282 ਹੋ ਗਈ ਹੈ। ਇਸ ਸਮੇਂ ਇਲਾਜ ਅਧੀਨ 641 ਕੋਰੋਨਾ ਪੀੜਤਾਂ ਵਿਚੋਂ 11 ਦੀ ਹਾਲਤ ਗੰਭੀਰ ਹੈ। ਇਸ ਵਿਚੋਂ 9 ਆਕਸੀਜਨ ਅਤੇ 2 ਵੈਟੀਲੇਟਰ ਉਤੇ ਹਨ। ਅੱਜ ਹੋਈਆਂ ਪੰਜ ਮੌਤਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਸੰਗਰੂਰ ਨਾਲ ਸਬੰਧਤ ਹਨ। ਇਸ ਸਮੇਂ ਸੱਭ ਤੋਂ ਵੱਧ ਪਾਜੇਟਿਵ ਮਰੀਜ਼ ਜ਼ਿਲ੍ਹਾ ਅੰਮ੍ਰਿਤਸਰ ਵਿਚ ਹਨ। ਇਥੇ ਅੰਕੜਾ 600 ਦੇ ਨੇੜੇ ਪਹੁੰਚ ਚੁਕਾ ਹੈ। ਇਸ ਤੋਂ ਬਾਅਦ ਜਲੰਧਰ 319, ਲੁਧਿਆਣਾ 307 ਪਾਜੇਟਿਵ ਮਰੀਜ਼ ਹੁਣ ਤਕ ਦਰਜ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਕੋਈ ਵੀ ਜ਼ਿਲ੍ਹਾ ਕੋਰੋਨਾ ਮੁਕਤ ਨਹੀਂ ਤੇ ਹਰ ਜ਼ਿਲ੍ਹੇ ਵਿਚ ਨਵੇਂ ਪਾਜੇਟਿਵ ਮਾਮਲੇ ਆ ਰਹੇ ਹਨ।