
ਕਿਹਾ, ਜਾਨਾਂ ਬਚਾਉਣ ਲਈ ਸ²ਖ਼ਤ ਕਦਮ ਚੁਕਣੇ ਜ਼ਰੂਰੀ
ਚੰਡੀਗੜ੍ਹ, 12 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਕੋਵਿਡ ਦੇ ਸਮਾਜਕ ਫੈਲਾਅ ਨੂੰ ਰੋਕਣ ਲਈ ਜਿਥੋਂ ਤਕ ਲੋੜ ਪਵੇ, ਉਥੋਂ ਤਕ ਸਖ਼ਤ ਫ਼ੈਸਲੇ ਲੈਣ ਦੀ ਅਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਹਫ਼ਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਦੀਆਂ ਪਾਬੰਦੀਆਂ ਦੇ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਵਾਨਗੀ ਦੇ ਦਿਤੀ। ਇਸ ਅਨੁਸਾਰ ਅੰਤਰ ਜ਼ਿਲ੍ਹਾ ਆਵਾਜਾਈ 'ਤੇ ਪਾਬੰਦੀ ਹੋਵੇਗੀ ਸਿਰਫ਼ ਈ-ਪਾਸ ਧਾਰਕਾਂ ਨੂੰ ਆਉਣ-ਜਾਣ ਦੀ ਆਗਿਆ ਹੋਵੇਗੀ।
ਇਸ ਤੋਂ ਇਲਾਵਾ ਸਿਰਫ਼ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸੇਵਾਵਾਂ ਨੂੰ ਹਫ਼ਤੇ ਦੇ ਸਾਰੇ ਦਿਨ ਖੋਲ੍ਹਣ ਦੀ ਆਗਿਆ ਹੋਵੇਗੀ। ਮੁੱਖ ਮੰਤਰੀ ਨੇ ਵੀਰਵਾਰ ਨੂੰ ਕੋਵਿਡ ਦੀਆਂ ਤਿਆਰੀਆਂ ਸਬੰਧੀ ਰੱਖੀ ਵੀਡੀਉ ਕਾਨਫ਼ਰੰਸ ਵਿਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਪੰਜਾਬੀਆਂ ਦੀਆਂ ਜਾਨਾਂ ਬਚਾਉਣ 'ਤੇ ਹੀ ਮੁੱਖ ਤੌਰ 'ਤੇ ਕੇਂਦਰਿਤ ਹੈ, ਭਾਵੇਂ ਇਸ ਲਈ ਕਿੰਨੇ ਵੀ ਸਖ਼ਤ ਕਦਮ ਚੁੱਕਣੇ ਪੈਣ। ਇਹ ਸੱਭ ਆਉਣ ਵਾਲੇ ਦੋ ਮਹੀਨਿਆਂ ਤਕ ਇਸ ਮਹਾਂਮਾਰੀ ਦੇ ਸਿਖਰ ਦੇ ਅਨੁਮਾਨਾਂ ਦੀ ਰੌਸ਼ਨੀ ਵਿਚ ਕਿਹਾ ਗਿਆ।
Captain Amarinder Singh
ਸੂਬਾ ਸਰਕਾਰ ਵਲੋਂ ਲਾਕਡਾਊਨ 5.0/ਅਨਲਾਕ 1.0 ਸਬੰਧੀ ਪਹਿਲਾਂ ਜਾਰੀ ਨੋਟੀਫ਼ੀਕੇਸ਼ਨ ਤੋਂ ਇਲਾਵਾ ਅੱਜ ਨਵੇਂ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਅਗਲੇ ਹੁਕਮਾਂ ਤਕ ਇਹ ਹਦਾਇਤਾਂ ਹਫ਼ਤੇ ਦੇ ਅੰਤਲੇ ਦਿਨਾਂ ਅਤੇ ਗਜ਼ਟਿਡ ਛੁੱਟੀ ਵਾਲੇ ਦਿਨਾਂ ਲਈ ਲਾਗੂ ਰਹਿਣਗੀਆਂ। ਦੇਸ਼ ਵਿਚ ਖਾਸ ਕਰ ਕੇ ਦਿੱਲੀ ਵਿਚ ਕੋਵਿਡ ਦੇ ਵਧਦੇ ਕੇਸਾਂ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ
ਕਿ ਉਹ ਸਮਾਜਕ ਵਿੱਥ ਦੇ ਅਹਿਤਿਆਤਾਂ ਅਤੇ ਮਾਸਕ ਦੀ ਵਰਤੋਂ ਯਕੀਨੀ ਬਣਾਉਣ। ਸਥਿਤੀ ਇਹ ਮੰਗ ਕਰਦੀ ਹੈ ਕਿ ਸਾਰੀ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਿਤੀ ਲਗਭਗ ਕਾਬੂ ਹੇਠ ਹੈ ਅਤੇ ਉਨ੍ਹਾਂ ਦੀ ਸਰਕਾਰ ਹੋਰ ਕੋਈ ਜ਼ੋਖਮ ਨਹੀਂ ਉਠਾ ਸਕਦੀ ਜਿਸ ਨਾਲ ਮਹਾਂਮਾਰੀ ਖ਼ਤਰਨਾਕ ਹੱਦ ਤਕ ਵਧ ਜਾਵੇ।
ਨਵੀਆਂ ਹਦਾਇਤਾਂ
ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਦਿਨ ਸ਼ਾਮ 7 ਵਜੇ ਤਕ ਖੁਲ੍ਹੀਆਂ ਰਹਿਣਗੀਆਂ।
ਰੈਸਟੋਰੈਂਟ (ਸਿਰਫ਼ ਘਰ ਲਿਜਾਣ/ਹੋਮ ਡਲਿਵਰੀ ਲਈ) ਅਤੇ ਸ਼ਰਾਬ ਦੀਆਂ ਦੁਕਾਨਾਂ ਸਾਰੇ ਦਿਨ ਸ਼ਾਮ 8 ਵਜੇ ਤਕ ਖੁਲ੍ਹੀਆਂ ਰਹਿਣਗੀਆਂ।
ਹੋਰ ਦੁਕਾਨਾਂ ਚਾਹੇ ਇਕੱਲੀਆਂ ਹੋਣ ਜਾਂ ਸ਼ਾਪਿੰਗ ਮਾਲ ਵਿਚ ਹੋਣ ਐਤਵਾਰ ਨੂੰ ਬੰਦ ਹੋਣਗੀਆਂ ਜਦਕਿ ਸ਼ਨਿਚਰਵਾਰ ਨੂੰ ਇਹ ਸ਼ਾਮ 5 ਵਜੇ ਤਕ ਖੁਲ੍ਹੀਆਂ ਰਹਿਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਸਮਿਆਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਏਗਾ।
File Photo
ਐਤਵਾਰ ਨੂੰ ਬੰਦ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਇਹ ਵੀ ਫ਼ੈਸਲਾ ਲੈ ਸਕਦਾ ਹੈ ਕਿ ਸਬੰਧਤ ਮਾਰਕੀਟ ਐਸੋਸੀਏਸ਼ਨਾਂ ਨਾਲ ਗੱਲਬਾਤ ਕਰ ਕੇ ਗ਼ੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹਫ਼ਤੇ ਵਿਚ ਕਿਸੇ ਹੋਰ ਦਿਨ ਵੀ ਬੰਦ ਕਰਨ ਦੇ ਹੁਕਮ ਜਾਰੀ ਕਰੇ ਖਾਸ ਕਰ ਕੇ ਜਿਥੇ ਵੱਧ ਜ਼ੋਖਮ ਵਾਲਾ ਇਲਾਕਾ ਹੋਵੇ ਅਤੇ ਕੇਸਾਂ ਦੀ ਗਿਣਤੀ ਜ਼ਿਆਦਾ ਹੋਵੇ।
File Photo
ਅੰਤਰ-ਜ਼ਿਲ੍ਹਾ ਆਵਾਜਾਈ ਈ-ਪਾਸ ਨਾਲ ਹੋ ਸਕੇਗੀ ਜਿਹੜਾ ਸਿਰਫ਼ ਜ਼ਰੂਰੀ ਕੰਮਾਂ ਲਈ ਜਾਰੀ ਹੋਵੇਗਾ ਪਰ ਮੈਡੀਕਲ ਐਮਰਜੈਂਸੀ ਲਈ ਆਉਣ-ਜਾਣ ਲਈ ਅਜਿਹੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਈ-ਪਾਸ ਲੋੜੀਂਦਾ ਹੋਵੇਗਾ ਅਤੇ ਇਹ 50 ਵਿਸ਼ੇਸ਼ ਵਿਅਕਤੀਆਂ ਨੂੰ ਹੀ ਜਾਰੀ ਹੋਵੇਗਾ।