
ਅਕਾਲੀ ਦਲ ਦਾ ਗਠਜੋੜ ਖੱਬੇ ਪੱਖੀਆਂ ਨਾਲ ਵੀ ਸੰਭਵ
ਅਕਾਲੀ ਤੇ ਸੀ.ਪੀ.ਆਈ. ਆਗੂ ਵਲੋਂ ਵੀ ਪੁਸ਼ਟੀ
ਬਠਿੰਡਾ, 12 ਜੂਨ (ਬਲਵਿੰਦਰ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗਠਜੋੜ ਅੱਜ ਬਸਪਾ ਨਾਲ ਸਿਰੇ ਚੜ੍ਹ ਗਿਆ, ਜਿਸ ਤੋਂ ਬਾਅਦ ਅਕਾਲੀ ਦਲ ਅਗਲੀ ਮੰਜਲ ਹੁਣ ਖੱਬੇ ਪੱਖੀ ਪਾਰਟੀਆਂ ਹੀ ਹਨ | ਇਸ ਦਾ ਸੰਕੇਤ ਅਕਾਲੀ ਤੇ ਸੀ.ਪੀ.ਆਈ. ਆਗੂ ਵੀ ਦੇ ਚੁੱਕੇ ਹਨ |
ਜ਼ਿਕਰਯੋਗ ਹੈ ਕਿ ਭਾਜਪਾ ਦਾ ਘਾਟਾ ਪੂਰਾ ਕਰਨ ਖਾਤਰ ਅਕਾਲੀ ਦਲ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਕਿ ਪੰਜਾਬ 'ਚ ਥੋੜਾ ਜਾਂ ਬਹੁਤਾ ਵਜੂਦ ਰਖਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਨਾਲ ਜੋੜਿਆ ਜਾਵੇ | ਇਸ ਦੇ ਪਹਿਲੇ ਪੜਾਅ 'ਤੇ ਪਹੁੰਚ ਕੇ ਅੱਜ ਬਸਪਾ ਨਾਲ ਗਠਜੋੜ ਦਾ ਐਲਾਨ ਕਰ ਦਿਤਾ ਗਿਆ ਜੋ ਅਕਾਲੀ ਦਲ ਲਈ ਸਭ ਤੋਂ ਵੱਡਾ ਗਠਜੋੜ ਮੰਨਿਆ ਜਾ ਰਿਹਾ ਹੈ |
ਹੁਣ ਅਕਾਲੀ ਦਲ ਦਾ ਅਗਲਾ ਨਿਸ਼ਾਨਾ ਖੱਬੇ ਪੱਖੀ ਪਾਰਟੀਆਂ ਹਨ ਜਿਸ ਦਾ ਪ੍ਰਗਟਾਵਾ ਵੀ ਹੋ ਚੁੱਕਾ ਹੈ | ਅੱਜ ਬਸਪਾ ਨਾਲ ਗਠਜੋੜ ਕਰਨ ਸਮੇਂ ਇਕ ਵੱਡੇ ਅਕਾਲੀ ਆਗੂ ਨੇ ਬਿਆਨ ਦਿਤਾ ਕਿ ਪਾਰਟੀ ਖੱਬੇ ਪੱਖੀ ਪਾਰਟੀਆਂ ਸੀ.ਪੀ.ਆਈ., ਸੀ.ਪੀ.ਐਮ. ਆਦਿ ਸਭ ਨਾਲ ਗਠਜੋੜ ਕਰਨ ਲਈ ਮੀਟਿੰਗਾਂ ਦਾ ਦੌਰ ਜਾਰੀ ਰੱਖ ਰਹੇ ਹਨ |
ਦੂਜੇ ਪਾਸੇ ਸੀ.ਪੀ.ਆਈ. ਦੇ ਸਾਬਕਾ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਵੀ ਸੰਕੇਤ ਦਿਤਾ ਹੈ ਕਿ ਅਕਾਲੀ ਦਲ ਨਾਲ ਗਠਜੋੜ ਸੰਭਵ ਹੈ | ਉਨ੍ਹਾਂ ਕਿਹਾ ਕਿ ਫਿਲਹਾਲ ਪਾਰਟੀ ਦਾ ਧਿਆਨ ਕਿਸਾਨ ਅੰਦੋਲਨ ਵਿਚ ਹੈ | ਸੀ.ਪੀ.ਆਈ. ਦਾ ਗਠਜੋੜ ਜ਼ਿਆਦਾਤਰ ਕਾਂਗਰਸ ਨਾਲ ਹੀ ਰਿਹਾ ਹੈ, ਕੀ ਇਸ ਵਾਰ ਵੀ ਕਾਂਗਰਸ ਨਾਲ ਹੀ ਹੋ ਸਕਦਾ ਹੈ, ਬਾਰੇ ਅਰਸ਼ੀ ਦਾ ਕਹਿਣਾ ਸੀ ਕਿ ਅਕਾਲੀ ਦਲ ਵੀ ਮਜ਼ਬੂਤ ਪਾਰਟੀ ਹੈ, ਅਕਾਲੀ ਨਾਲ ਵੀ ਹੋ ਸਕਦਾ ਹੈ ਪਰ ਇਸ ਬਾਰੇ ਹਾਲੇ ਤਕ ਵਿਚਾਰ ਨਹੀਂ ਕੀਤਾ ਗਿਆ | ਪਾਰਟੀ ਹਾਈਕਮਾਨ ਇਸ ਬਾਰੇ ਵਿਚਾਰ ਕਰਨ ਤੋਂ ਬਾਅਦ ਹੀ ਲੋੜੀਂਦੇ ਐਲਾਨ ਕਰੇਗੀ |