
ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਦੌੜ ਹੋਈ ਤੇਜ਼
ਚੰਡੀਗੜ੍ਹ, 12 ਜੂਨ (ਜੀ.ਸੀ. ਭਾਰਦਵਾਜ): ਛੇ ਮਹੀਨੇ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਤੈਅ ਹਨ ਅਤੇ ਸਿਆਸੀ ਪਿੜ ਜਿਥੇ ਜੂਨ ਮਹੀਨੇ ਦੀ ਅੱਤ ਦੀ ਗਰਮੀ ਨਾਲ ਭਖ ਰਿਹਾ ਹੈ, ਸੱਤਾਧਾਰੀ ਕਾਂਗਰਸ ਅਪਣੇ ਅੰਦਰੂਨੀ ਕਲੇਸ਼ 'ਚ ਉਲਝੀ ਹੈ ਪਰ ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਸਿਰਕੱਢ ਨੇਤਾਵਾਂ ਬਲਵਿੰਦਰ ਭੂੰਦੜ ਤੇ ਨਰੇਸ਼ ਗੁਜਰਾਲ ਦੀ ਮਿਹਨਤ ਨੇ ਅਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀ.ਐਸ.ਪੀ. ਨੇਤਾ ਮਾਇਆਵਤੀ ਵਿਚਾਲੇ ਚੋਣ ਸਮਝੌਤਾ ਸਿਰੇ ਚਾੜ੍ਹ ਦਿਤਾ |
ਅੱਜ ਇਥੇ ਸੈਕਟਰ 28 'ਚ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਇਸ ਸਮਝੌਤੇ ਦਾ ਐਲਾਨ ਕਰਦਿਆਂ ਸੁਖਬੀਰ ਬਾਦਲ ਤੇ ਬੀ.ਐਸ.ਪੀ. ਦੇ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਕੁਲ 117 ਵਿਧਾਨ ਸਭਾ ਸੀਟਾਂ ਵਿਚੋਂ 20 ਉਪਰ ਬਹੁਜਨ ਸਮਾਜ ਪਾਰਟੀ ਅਤੇ ਬਾਕੀ 97 'ਤੇ ਅਕਾਲੀ ਦਲ ਚੋਣ ਲੜੇਗਾ | ਇਨ੍ਹਾਂ ਨੇਤਾਵਾਂ ਨੇ ਇਹ ਵੀ ਕਿਹਾ ਕਿ ਚੋਣ ਸਮਝੌਤਾ ਅਗਲੀਆਂ 2024 ਲੋਕ ਸਭਾਂ ਚੋਣਾਂ ਤੇ ਹੋਰ ਲੋਕਲ ਚੋਣਾਂ ਵਿਚ ਵੀ ਕਾਇਮ ਰਹੇਗਾ |
ਬਹੁਜਨ ਸਮਾਜ ਪਾਰਟੀ ਵਲੋਂ ਅਪਣੇ ਉਮੀਦਵਾਰ ਮਾਲਵੇ ਦੇ ਸੱਤ ਹਲਕਿਆਂ, ਦੋਆਬਾ ਦੇ ਅੱਠ ਅਤੇ ਮਾਝੇ ਦੇ ਪੰਜ ਹਲਕਿਆਂ 'ਚ ਖੜੇ ਕਰਨ ਦੇ ਹੱਕ ਹੋਣਗੇ ਜਦਕਿ ਬਾਕੀ 97 ਹਲਕਿਆਂ 'ਤੇ ਸ਼ੋ੍ਰਮਣੀ ਅਕਾਲੀ ਦਲ ਅਪਣੇ ਨੇਤਾ ਚੋਣ ਮੈਦਾਨ 'ਚ ਉਤਾਰੇਗਾ | ਬੀ.ਐਸ.ਪੀ. ਵਾਲੇ 20 ਹਲਕੇ, ਕਰਤਾਰਪੁਰ, ਜਲੰਧਰ ਪਛਮੀ, ਜਲੰਧਰ ਉੱਤਰੀ, ਫਗਵਾੜਾ, ਹੁਸ਼ਿਆਰਪੁਰ ਸ਼ਹਿਰ, ਟਾਂਡਾ, ਦਸੂਹਾ,
ਚਮਕੌਰ ਸਾਹਿਬ, ਬਸੀ ਪਠਾਣਾ, ਮਹਿਲਕਲਾਂ, ਨਵਾਂਸ਼ਹਿਰ, ਲੁਧਿਆਣਾ ਉੱਤਰੀ, ਸੁਜਾਨਪੁਰ, ਭੋਆ, ਪਠਾਨਕੋਟ, ਅਨੰਦਪੁਰ ਸਾਹਿਬ, ਮੋਹਾਲੀ, ਅੰਮਿ੍ਤਸਰ ਉੱਤਰੀ, ਅੰਮਿ੍ਤਸਰ ਕੇਂਦਰੀ ਤੇ ਪਾਇਲ ਹੋਣਗੇ |
ਸੁਖਬੀਰ ਬਾਦਲ ਤੇ ਸਤੀਸ਼ ਚੰਦਰ ਮਿਸ਼ਰਾ ਦਾ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਦਲਿਤ ਵਰਗ ਲਈ ਕੇਂਦਰੀ ਤੇ ਸੂਬੇ ਦੀਆਂ ਸਕੀਮਾਂ ਤਹਿਤ ਕਰੋੜਾਂ ਰਕਮਾਂ ਦਾ ਘਪਲਾ ਕੀਤਾ, ਸ਼ਗਨ ਸਕੀਮਾਂ ਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਵਿਚ ਵੀ ਰੱਜ ਕੇ ਕੁਰਪਸ਼ਨ ਕੀਤੀ |
ਦੋਹਾਂ ਪਾਸਿਉਂ ਨਾਹਰਿਆਂ ਤੇ ਜੈਕਾਰਿਆਂ ਦੀ ਗੂੰਜ ਵਿਚ ਇਨ੍ਹਾ ਦੋਹਾਂ ਨੇਤਾਵਾਂ ਸੁਖਬੀਰ ਤੇ ਮਿਸ਼ਰਾ ਨੇ ਦਸਿਆ ਕਿ ਆਉਂਦੇ ਇਕ ਦੋ ਦਿਨਾਂ ਵਿਚ ਚੋਣ ਪ੍ਰਚਾਰ ਤੇ ਰੈਲੀਆਂ ਕਰਨ ਵਾਸਤੇ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਨ ਲਈ ਇਕ ਸਾਂਝੀ ਸੰਯੁਕਤ ਕਮੇਟੀ ਗਠਿਤ ਕੀਤੀ ਜਾਵੇਗੀ | ਪ੍ਰੈੱਸ ਕਾਨਫ਼ਰੰਸ ਮੌਕੇ ਵੱਡੇ-ਵੱਡੇ ਬੈਨਰਾਂ 'ਚ ਸੁਖਬੀਰ ਬਾਦਲ ਤੇ ਮਾਇਆਵਤੀ ਦੇ ਚਿਹਰੇ ਫੋਟੋਆਂ ਦੇ ਰੂਪ 'ਚ ਦਿਖਾਏ ਗਏ ਸਨ | ਵੱਡੇ ਬਾਦਲ ਚੰਡੀਗੜ੍ਹ 'ਚ ਅਪਣੇ ਸਰਕਾਰੀ ਫ਼ਲੈਟ ਵਿਚ ਅੱਜ ਹਾਜ਼ਰ ਸਨ | ਬਾਅਦ 'ਚ ਬੀ.ਐਸ.ਪੀ. ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਚੋਟੀ ਦੇ ਲੀਡਰ, ਸਤੀਸ਼ ਚੰਦਰ ਮਿਸ਼ਰਾ, ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਪਾਲ, ਪਾਰਟੀ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਉਨ੍ਹਾਂ ਦਾ ਅਸ਼ੀਰਵਾਦ ਲੈ ਕੇ ਆਏ |
ਜ਼ਿਕਰਯੋਗ ਹੈ ਕਿ 25 ਸਾਲ ਪਹਿਲਾਂ ਬੀ.ਐਸ.ਪੀ. ਨਾਲ ਕੀਤੇ ਸਮਝੌਤੇ ਮਗਰੋਂ 1996 ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੇ 9 ਸੀਟਾਂ ਵਿਚੋਂ 8 ਅਤੇ ਬਹੁਜਨ ਸਮਾਜ ਪਾਰਟੀ ਨੇ 4 ਵਿਚੋਂ 3 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ | ਉਦੋਂ ਇਹ ਚੋਣ ਸਮਝੌਤਾ ਕਾਂਸ਼ੀ ਰਾਮ ਤੇ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਹੋਇਆ ਸੀ |