
ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ, ਟਰੱਕ ਚਾਲਕ ਮੌਕੇ ਤੋਂ ਫ਼ਰਾਰ
Moga News : ਬਾਘਾ ਪੁਰਾਣਾ ਸ਼ਹਿਰ ਵਿੱਚ ਬੀਤੀ ਰਾਤ ਮੋਗਾ ਰੋਡ ਉੱਪਰ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇਹ ਘਟਨਾ ਬੀਤੀ ਰਾਤ 12 ਵਜੇ ਦੀ ਹੈ। ਜਿੱਥੇ ਟਰੱਕ, ਟਰੈਕਟਰ -ਟਰਾਲੀ ਅਤੇ ਮੋਟਰਸਾਈਕਲ ਵਿੱਚਕਾਰ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।
ਦਰਅਸਲ ਇੱਕ ਟਰੱਕ ਕੋਟਕਪੂਰਾ ਪਾਸੇ ਤੋਂ ਮੋਗਾ ਵੱਲ ਜਾ ਰਿਹਾ ਸੀ। ਜਦੋਂ ਟਰੱਕ ਇੱਕ ਟ੍ਰੈਕਟਰ ਟਰਾਲੀ ਨੂੰ ਓਵਰਟੇਕ ਕਰ ਰਿਹਾ ਸੀ ਤਾਂ ਮੋਗਾ ਸਾਈਡ ਤੋਂ ਆ ਰਹੇ ਮੋਟਰਸਾਈਕਲ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ। ਟਰੱਕ ਬੇਕਾਬੂ ਹੋ ਕੇ ਮੋਟਰਸਾਈਕਲ ਨੂੰ ਘਸੀਟਦਾ ਹੋਇਆ ਬਿਜਲੀ ਵਾਲੇ ਟਰਾਂਸਫਾਰਮਰ ਵਾਲੇ ਖੰਬੇ ਵਿੱਚ ਜਾ ਵੱਜਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਮੋਟਰਸਾਈਕਲ ਉੱਪਰ ਸੰਦੀਪ ਕੁਮਾਰ ਵਾਸੀ ਬਾਘਾ ਪੁਰਾਣਾ ਅਤੇ ਸੁਖਵਿੰਦਰ ਸਿੰਘ ਵਾਸੀ ਕੋਟਲਾ ਰਾਏ ਸਵਾਰ ਸਨ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਗੰਭੀਰ ਸੱਟਾਂ ਵੱਜੀਆਂ ਅਤੇ ਉਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ। ਇਲਾਜ਼ ਦੌਰਾਨ ਮੋਟਰਸਾਈਕਲ ਚਾਲਕ ਸੰਦੀਪ ਕੁਮਾਰ ਦੀ ਇਲਾਜ਼ ਦੌਰਾਨ ਮੌਤ ਹੋ ਗਈ।
ਮ੍ਰਿਤਕ ਸੰਦੀਪ ਕੁਮਾਰ ਦੀ ਉਮਰ 31 ਸਾਲ ਦੱਸੀ ਜਾ ਰਹੀ ਹੈ। ਪੁਲਿਸ ਵੱਲੋ ਇਸ ਘਟਨਾ ਉੱਪਰ ਕਾਰਵਾਈ ਕਰਦਿਆ ਮਾਮਲਾ ਦਰਜ ਕਰਕੇ ਟਰੱਕ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ ਅਤੇ FIR ਨੰਬਰ 79 ਧਾਰਾ ਅਧੀਨ IPC 304 A ਦਰਜ ਕੀਤੀ ਗਈ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।