
ਖੇਡ ਵਿਭਾਗ ਦੇ ਡਾਇਰੈਕਟਰ ਨੇ ਦਿਤੇ ਨਿਰਦੇਸ਼
ਚੰਡੀਗੜ੍ਹ, 12 ਜੁਲਾਈ : ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸੀ੍ਰ ਡੀਪੀਐਸ ਖਰਬੰਦਾ ਨੇ ਵਿਭਾਗ ਨਾਲ ਜੁੜੇ ਸੂਬੇ ਭਰ ਦੇ ਕੋਚਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦਿਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਖਰਬੰਦਾ ਨੇ ਕੋਚਾਂ ਨਾਲ ਆਨਲਾਈਨ ਮੀਟਿੰਗ ਕੀਤੀ ਅਤੇ ਇਹ ਨਿਰਦੇਸ਼ ਦਿਤੇ। ਉਨ੍ਹਾਂ ਕੋਚਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਟ੍ਰੇਨਿੰਗ ਦੇਣ ਦੇ ਨਾਲ-ਨਾਲ ਖਿਡਾਰੀਆਂ ਦੀ ਖੁਰਾਕ ਸਬੰਧੀ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਤਾਂ ਜੋ ਕੋਵਿਡ-19 ਮਹਾਂਮਾਰੀ ਦੇ ਦੌਰ ਦੌਰਾਨ ਵੀ ਖਿਡਾਰੀਆਂ ਦੇ ਪੋਸ਼ਣ ਦਾ ਖ਼ਿਆਲ ਰੱਖ ਕੇ ਉਨ੍ਹਾਂ ਨੂੰ ਆਉਣ ਵਾਲੇ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਚ ਸਾਹਿਬਾਨ ਨੂੰ ਖੇਡਾਂ ਲਈ ਲੋੜੀਂਦਾ ਸਾਮਾਨ ਅਤੇ ਬੁਨਿਆਦੀ ਢਾਂਚੇ ਵਿਸੇਸ ਕਰ ਅਥਲੈਟਿਕ ਟ੍ਰੈਕ ਨੂੰ ਸਹੀ ਰੱਖਣ ਬਾਰੇ ਵੀ ਹੁਕਮ ਦਿਤੇ ਗਏ ਹਨ। ਸ੍ਰੀ ਖਰਬੰਦਾ ਨੇ ਕੌਮੀ ਟੀਚੇ ਨੂੰ ਹਾਸਲ ਕਰਨ ਲਈ ਸਮੂਹ ਕੋਚ ਸਾਹਿਬਾਨ ਨੂੰ ਹੋਰ ਮਿਹਨਤ ਕਰਨ ਲਈ ਕਿਹਾ।