
267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਸਲਾ
ਅੰਮਿ੍ਰਤਸਰ, 12 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਬਾਦਲ ਦਲ ਬਰਗਾੜੀ ਕਾਂਡ ਦੇ ਨਾਲ-ਨਾਲ, 267 ਪਾਵਨ ਸਰੂਪ ਲਾਪਤਾ ਹੋਣ ’ਤੇ ਬੁਰੀ ਤਰ੍ਹਾਂ ਘਿਰ ਗਿਆ ਹੈ, ਜਿਸ ਦੀ ਅਗਵਾਈ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਗੁਮ ਹੋ ਜਾਣ ਦੇ ਗੰਭੀਰ ਮਸਲੇ ਅਤੇ ਪੰਥਕ ਦਲਾਂ ਦੇ ਦਬਾਅ ਦਾ ਸਾਹਮਣਾ ਨਾ ਕਰ ਸਕਣ ਤੇ ਅੱਜ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਸੇਵਾ-ਮੁਕਤ ਸਿੱਖ ਜੱਜ ਤੋਂ ਜਾਂਚ ਕਰਵਾਉਣ ਦੀ ਅਪੀਲ ਕਰ ਦਿਤੀ ਹੈ।
ਪੰਥਕ ਹਲਕਿਆਂ ਅਨੁਸਾਰ 267 ਸਰੂਪਾਂ ਦੇ ਲਾਪਤਾ ਹੋਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ-ਕਮੇਟੀ ਵਲੋਂ ਕੀਤੀ ਗਈ ਜਾਂਚ ਰੀਪਰੋਟ ਪੇਸ਼ ਨਾ ਕਰਨ ਸਕਣ ਤੇ ਉਸ ਦੀ ਭਰੋਸੇਯੋਗਤਾ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਨੇ ਟਿਪਣੀ ਕੀਤੀ ਹੈ ਕਿ ਐਸ.ਜੀ.ਪੀ.ਸੀ. ਵਲੋਂ ਬਣਾਈ ਗਈ ਪੜਤਾਲੀਆ ਕਮੇਟੀ ਦੀ ਰੀਪੋਰਟ ਅੰਤਿ੍ਰਗ ਕਮੇਟੀ ਨੂੰ ‘ਜਥੇਦਾਰ’ ਹਵਾਲੇ ਕਰਨੀ ਚਾਹੀਦੀ ਸੀ ਕਿ ਉਸ ਨੇ ਜਾਂਚ ਕੀਤੀ ਹੈ ਜਾਂ ਸਮਾਂ ਬਰਬਾਦ ਕੀਤਾ ਹੈ।
ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਦਾ ਸਮੁੱਚਾ ਪ੍ਰਬੰਧ ਬਦਲਣ ਦੀ ਲੋੜ ਹੈ ਜਿਥੇ ਭਿ੍ਰਸ਼ਟਾਚਾਰ ਵੱਡੇ ਪੱਧਰ ਤੇ ਫੈਲ ਚੁੱਕਾ ਹੈ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੋਸ਼ੀ ਬੇਨਕਾਬ ਕਰਵਾਉਣ ਲਈ ਸਮਾਂ ਬੱਧ ਨਿਆਂਇਕ ਪੜਤਾਲ ਅਤੇ ਐਫ਼.ਆਈ.ਆਰ ਦਰਜ ਕਰਵਾਈ ਜਾਵੇ ।
File Photo
ਸਿੱਖ ਹਲਕਿਆਂ ਅਨੁਸਾਰ ਜਥੇਦਾਰ ਗਿ. ਹਰਪ੍ਰੀਤ ਸਿੰਘ ਤੇ ਨਿਰਪੱਖ ਜਾਂਚ ਦਾ ਬੋਝ ਪੈ ਗਿਆ ਹੈ ਤੇ ਹੁਣ ਉਨ੍ਹਾਂ ਨੂੰ ਪੰਥਕ ਸੰਗਠਨਾਂ ਦੇ ਦਬਾਅ ਨੂੰ ਸਾਹਮਣੇ ਰਖਦਿਆਂ ਸਮਾਂਬੱਧ ਰੀਪੋਰਟ ਦੇਣੀ ਪਵੇਗੀ। ਇਹ ਕਾਬਲੇ-ਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਨੇਤਾ ਸੇਵਾ ਸਿੰਘ ਸੇਖਵਾਂ ਸਮੇਤ ਅੱਧੀ ਦਰਜਨ ਸ਼੍ਰੋਮਣੀ ਕਮੇਟੀ ਮਂੈਬਰਾਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੀਤੇ ਦਿਨ ਯਾਦ ਪੱਤਰ ਦੇਣ ਸਮੇਂ ਖਦਸ਼ਾ ਪ੍ਰਗਟ ਕੀਤਾ ਸੀ ਕਿ ਐਜ ਜੀ ਪੀ ਸੀ ਦੀ ਪੜਤਾਲੀਆ ਕਮੇਟੀ ਨਿਰਪੱਖ ਜਾਂਚ ਕਰਨ ਦੇ ਅਸਮਰੱਥ ਹੈ। ਇਸ ’ਤੇ ‘ਜਥੇਦਾਰ’ ਨੇ ਜਾਂਚ ਰੀਪੋਰਟ ਤਸੱਲੀਬਖ਼ਸ਼ ਨਾ ਆਉਣ ’ਤੇ ਖ਼ੁਦ ਪੜਤਾਲ ਦਾ ਭਰੋਸਾ ਉਕਤ ਵਫ਼ਦ ਨੂੰ ਦਿਤਾ ਸੀ।