
ਚੀਫ਼ ਇੰਜੀਨੀਅਰ ਹਾਈਡਲ ਪਟਿਆਲਾ ਹਰਜੀਤ ਸਿੰਘ ਨੇ ਲਿਆ ਜਾਇਜ਼ਾ
ਕੀਰਤਪੁਰ ਸਾਹਿਬ, 12 ਜੁਲਾਈ (ਜੰਗ ਬਹਾਦਰ ਸਿੰਘ) : ਚੀਫ਼ ਇੰਜੀਨੀਅਰ ਹਾਈਡਲ ਪਟਿਆਲਾ ਹਰਜੀਤ ਸਿੰਘ ਵਲੋਂ ਅੱਜ ਪਣ ਬਿਜਲੀ ਘਰ ਨੱਕੀਆਂ ਦਾ ਦੌਰਾ ਕਰ ਕੇ ਬਿਜਲੀ ਉਤਪਾਦਨ ਦਾ ਜਾਇਜ਼ਾ ਲਿਆ ਗਿਆ ਅਤੇ 29 ਜੂਨ ਤੋਂ ਖ਼ਰਾਬੀ ਆ ਜਾਣ ਕਾਰਨ ਬੰਦ ਪਈ ਦੂਜੀ ਮਸ਼ੀਨ ਨੂੰ ਠੀਕ ਹੋਣ ਉਪਰੰਤ ਅੱਜ ਅਪਣੇ ਹੱਥੀ ਚਾਲੂ ਕਰ ਦਿਤਾ ਗਿਆ ਹੈ, ਜਿਸ ਨੇ ਹੁਣ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦਿਤਾ ਹੈ। ਇਸ ਤੋਂ ਪਹਿਲਾਂ ਪਣ ਬਿਜਲੀ ਘਰ ਨੱਕੀਆਂ ਦੀ ਇਕ ਅਤੇ ਗੰਗੂਵਾਲ ਦੀਆਂ ਦੋ ਮਸ਼ੀਨਾਂ ਨੇ ਠੀਕ ਹੋਣ ਉਪਰੰਤ ਬਿਜਲੀ ਉਤਪਾਦਨ ਸ਼ੁਰੂ ਕਰ ਦਿਤਾ ਸੀ ਜਦਕਿ ਅੱਜ ਚਾਲੂ ਕੀਤੀ ਗਈ ਮਸ਼ੀਨ ਤੇ ਫਿਲਿੰਗ ਪਾਈਪ, ਡਰਾਫ਼ਟ ਟਿਊਬ ਗੈਲਰੀ ਦੀ ਮੁਰੰਮਤ ਦਾ ਕੰਮ ਪਿਛਲੇ ਦਿਨਾਂ ਤੋਂ ਜੰਗੀ ਪੱਧਰ ’ਤੇ ਚਲ ਰਿਹਾ ਸੀ।
ਚੀਫ਼ ਇੰਜੀਨੀਅਰ ਹਾਈਡਲ ਹਰਜੀਤ ਸਿੰਘ ਨੇ ਦਸਿਆ ਕਿ 29 ਜੂਨ ਦੀ ਰਾਤ ਨੂੰ 132 ਕੇ ਵੀ ਸਿਸਟਮ ਫੇਲ੍ਹ ਹੋ ਜਾਣ ਕਾਰਨ ਪਣ ਬਿਜਲੀ ਘਰ ਨੱਕੀਆਂ ਦੀਆਂ ਮਸ਼ੀਨਾਂ ਟ੍ਰਿਪ ਹੋ ਗਈਆਂ ਸਨ, ਜਿਸ ਕਾਰਨ ਫ਼ਿਲਿੰਗ ਪਾਈਪ ਟੁੱਟਣ ਕਾਰਨ ਇਸ ਵਿਚੋਂ ਪਾਣੀ ਲੀਕੇਜ ਕਰ ਕੇ ਡਰਾਫ਼ਟ ਟਿਊਬ ਗੈਲਰੀ ਵਿਚ ਕਰੀਬ 30-40 ਫੁੱਟ ਤਕ ਭਰ ਗਿਆ ਸੀ, ਜਿਸ ਕਾਰਨ ਸਾਨੂੰ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿਚ ਆਉਂਦਾ 10150 ਕਿਊਸਿਕ ਪਾਣੀ ਬੰਦ ਕਰਵਾ ਕੇ ਸਤਲੁਜ ਦਰਿਆ ਵਿਚ ਛੱਡਣਾ ਪਿਆ ਸੀ।
ਉਨ੍ਹਾਂ ਦਸਿਆ ਕਿ ਡਰਾਫ਼ਟ ਟਿਊਬ ਗੈਲਰੀ ਵਿਚੋਂ ਪਾਣੀ ਬਾਹਰ ਕੱਢਣ ਲਈ 100 ਹਾਰਸ ਪਾਵਰ ਦੇ ਕਰੀਬ 11 ਪੰਪ ਲਗਾਏ ਗਏ ਜੋ ਦਿਨ ਰਾਤ ਪਾਣੀ ਬਾਹਰ ਕਢਦੇ ਸਨ। ਇਸ ਕੰਮ ਲਈ ਬੀ.ਬੀ.ਐਮ.ਬੀ. ਤੋਂ ਵੀ ਸਹਾਇਤਾ ਲਈ ਗਈ। ਚੀਫ਼ ਇੰਜੀਨੀਅਰ ਨੇ ਦਸਿਆ ਕਿ ਸਤਲੁਜ ਦਰਿਆ ਵਿਚ ਪਾਣੀ ਛੱਡਣ ਕਾਰਨ ਲੋਕਾਂ ਵਲੋਂ ਕਾਫ਼ੀ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ, ਜਿਸ ਕਾਰਨ ਮਜਬੂਰੀ ਵਸ 6 ਜੁਲਾਈ ਨੂੰ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿਚ ਪਾਣੀ ਛੱਡ ਕੇ ਗੰਗੂਵਾਲ ਦੀਆਂ ਦੋ ਅਤੇ ਨੱਕੀਆਂ ਦੀ ਇਕ ਮਸ਼ੀਨ ਨੂੰ ਚਾਲੂ ਕਰਨਾ ਪਿਆ।
File Photo
ਹੋਪ ਅੰਡਰ ਵਾਟਰ ਸਰਵਿਸਿਜ ਕੰਪਨੀ ਦੇ ਮੁਲਾਜ਼ਮਾਂ ਵਲੋਂ ਸਾਡੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਪਾਣੀ ਵਿਚ ਜਾ ਕੇ ਫ਼ਿਲਿੰਗ ਪਾਈਪ ਦੀ ਮੁਰੰਮਤ ਕੀਤੀ ਗਈ, ਬਾਲ ਬਦਲਿਆ ਗਿਆ, ਜਿਸ ਨਾਲ ਡਰਾਫ਼ਟ ਟਿਊਬ ਗੈਲਰੀ ਵਿਚ ਆਉਂਦੇ ਪਾਣੀ ਦੀ ਲੀਕੇਜ ਠੀਕ ਹੋਈ। ਦੱਸਿਆ ਕਿ ਨਹਿਰ ਵਿਚ ਪਾਣੀ ਛੱਡਣ ਲਈ ਇੱਕ ਮਸ਼ੀਨ ਦੇ ਦੋ ਗੇਟ ਹੁੰਦੇ ਹਨ। ਪਹਿਲਾਂ ਸਾਡੇ ਵਲੋਂ ਗੇਟ ਬੰਦ ਕੀਤੇ ਗਏ ਸਨ। ਪਾਣੀ ਛੱਡਣ ਲਈ ਜਦੋਂ ਗੇਟ ਚੁਕੇ ਗਏ ਤਾਂ ਇੱਕ ਗੇਟ ਪਾਣੀ ਦੇ ਦਬਾਅ ਕਾਰਨ ਉਪਰ ਨੂੰ ਚੁੱਕ ਨਹੀਂ ਸੀ ਹੋ ਰਿਹਾ, ਜਿਸ ਦਾ ਲੋਹੇ ਵਾਲਾ ਰੱਸਾ ਵੀ ਟੁੱਟ ਗਿਆ। ਇਸ ਗੇਟ ਦੀ ਵੀ ਉਕਤ ਕੰਪਨੀ ਦੇ ਕਰਮਚਾਰੀਆਂ ਨੇ ਪਾਣੀ ਹੇਠ ਜਾ ਕੇ ਵੈਲਡਿੰਗ ਕਰ ਕੇ ਮੁਰੰਮਤ ਕੀਤੀ।
ਉਨ੍ਹਾਂ ਦਸਿਆ ਕਿ ਨੱਕੀਆਂ ਦੀਆਂ ਦੋਨੇਂ ਮਸ਼ੀਨਾਂ ਨੇ ਬਿਜਲੀ ਉਤਪਾਦਨ ਸ਼ੁਰੂ ਕਰ ਦਿਤਾ ਹੈ। ਇਹ ਦੋਵੇਂ ਮਸ਼ੀਨਾ ਪ੍ਰਤੀ ਦਿਨ 67 ਮੈਗਾਵਾਟ ਬਿਜਲੀ ਉਤਪਾਦਨ ਕਰਦੀਆਂ ਹਨ ਅਤੇ ਗੰਗੂਵਾਲ ਦੀਆਂ ਦੋਨੋਂ ਮਸ਼ੀਨਾਂ ਵੀ 67 ਮੈਗਾਵਾਟ ਬਿਜਲੀ ਉਤਪਾਦਨ ਕਰਦੀਆਂ ਹਨ। ਚਾਰੇ ਮਸ਼ੀਨਾਂ ਰੋਜ਼ਾਨਾ ਕਰੀਬ 87 ਲੱਖ ਰੁਪਏ ਦੀ ਬਿਜਲੀ ਦਾ ਉਤਪਾਦਨ ਕਰਦੀਆਂ ਹਨ। ਇਸ ਮੌਕੇ ਡਿਪਟੀ ਚੀਫ਼ ਇੰਜੀਨੀਅਰ ਜੀ.ਐਸ.ਬੰਗਾ, ਆਰ.ਈ ਬਰਿੰੰਦਰ ਨਾਥ ਪਾਠਕ, ਐਕਸੀਅਨ ਇੰਦਰ ਅਵਤਾਰ, ਐਸ.ਡੀ.ਓ ਮੈਨਟੀਨੇਂਸ ਅਨਿਲ ਸ਼ਰਮਾ, ਐਸ.ਡੀ.ਓ ਕਰਮ ਸਿੰਘ, ਐਸ.ਡੀ.ਓ ਸਿਵਲ ਧਰਮ ਪਾਲ, ਜੇ.ਈ.ਤਜਿੰਦਰ ਸਿੰਘ, ਜੇ.ਈ.ਬਲਵੀਰ ਸਿੰਘ, ਫੋਰਮੈਨ ਗੁਰਦੇਵ ਸਿੰਘ ਆਦਿ ਹਾਜ਼ਰ ਸਨ।