
ਗਾਇਕ ਦੇ ਕਤਲ ਵਿਚ ਏਕੇ-47 ਰਾਈਫਲ, 30 ਬੋਰ ਅਤੇ 5 ਤੋਂ ਵੱਧ 9ਐਮਐਮ ਪਿਸਤੌਲਾਂ ਦੀ ਵਰਤੋਂ ਕੀਤੀ ਗਈ ਸੀ।
ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਫੋਰੈਂਸਿਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਗਾਇਕ ਦੇ ਕਤਲ ਵਿਚ ਏਕੇ-47 ਰਾਈਫਲ, 30 ਬੋਰ ਅਤੇ 5 ਤੋਂ ਵੱਧ 9ਐਮਐਮ ਪਿਸਤੌਲਾਂ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਨੇ ਮੌਕੇ ਤੋਂ ਫੋਰੈਂਸਿਕ ਲਈ ਨਮੂਨੇ ਲਏ ਸਨ। ਹਾਲਾਂਕਿ ਕਤਲ ਤੋਂ 45 ਦਿਨਾਂ ਬਾਅਦ ਵੀ ਪੁਲਿਸ ਹਥਿਆਰ ਬਰਾਮਦ ਨਹੀਂ ਕਰ ਸਕੀ ਹੈ।
ਪੁਲਿਸ ਸੂਤਰਾਂ ਮੁਤਾਬਕ ਕਾਰਤੂਸਾਂ ਦੀ ਫੋਰੈਂਸਿਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਏਕੇ-47 ਤੇ ਪਿਸਤੌਲ ਵਰਤੇ ਗਏ ਹਨ। ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਦੀ ਕਾਰ ’ਤੇ 25 ਤੋਂ ਵੱਧ ਗੋਲੀਆਂ ਮਾਰੀਆਂ ਸਨ ਜਦਕਿ ਕਈ ਗੋਲੀਆਂ ਨੇੜਲੇ ਘਰਾਂ ਦੀਆਂ ਕੰਧਾਂ ਅਤੇ ਕੁਝ ਖੇਤਾਂ ਵਿਚੋਂ ਮਿਲੀਆਂ ਹਨ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ੂਟਰਾਂ ਨੇ ਹਥਿਆਰ ਹਰਿਆਣਾ ਵਿਚ ਇਕ ਵਿਅਕਤੀ ਨੂੰ ਸੌਂਪੇ ਅਤੇ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ਵੱਲ ਫਰਾਰ ਹੋ ਗਏ। ਮੂਸੇਵਾਲਾ ਦੀ ਮੌਤ ਫੇਫੜਿਆਂ ਅਤੇ ਜਿਗਰ ਵਿਚ ਗੋਲੀ ਲੱਗਣ ਕਾਰਨ ਹੋਈ ਸੀ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ 6 ਸ਼ਾਰਪ ਸ਼ੂਟਰ ਸ਼ਾਮਲ ਸਨ, ਜਿਨ੍ਹਾਂ ਵਿਚੋਂ ਪ੍ਰਿਆਵਰਤ ਫੌਜੀ, ਕਸ਼ਿਸ਼, ਅੰਕਿਤ ਸੇਰਸਾ, ਜਗਰੂਪ ਰੂਪਾ, ਮਨਪ੍ਰੀਤ ਮੰਨੂ ਕੁੱਸਾ ਅਤੇ ਦੀਪਕ ਮੁੰਡੀ ਸ਼ਾਮਲ ਹਨ। ਇਹਨਾਂ 'ਚੋਂ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ। ਰੂਪਾ, ਮੰਨੂੰ ਅਤੇ ਮੁੰਡੀ ਅਜੇ ਫਰਾਰ ਹਨ। ਮੂਸੇਵਾਲਾ ਕਤਲ ਦੇ 45 ਦਿਨ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਪੁਲਿਸ ਕਿਸੇ ਸ਼ਾਰਪ ਸ਼ੂਟਰ ਨੂੰ ਫੜਨ ਵਿਚ ਕਾਮਯਾਬ ਨਹੀਂ ਹੋ ਸਕੀ ਹੈ। ਹਾਲਾਂਕਿ ਸਾਜ਼ਿਸ਼ ਰਚਣ ਅਤੇ ਮਦਦ ਕਰਨ ਵਾਲੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।