
'ਛੁੱਟੀ ਮਨਜ਼ੂਰ ਹੋਣ ਤੋਂ ਪਹਿਲਾਂ ਨਹੀਂ ਕਰਵਾ ਸਕਦੇ ਟਿਕਟ ਬੁਕਿੰਗ'
ਲੁਧਿਆਣਾ : ਸਕੂਲ ਸਿੱਖਿਆ ਵਿਭਾਗ ਹਰਕਤ ਵਿਚ ਆ ਗਿਆ ਹੈ। ਦਰਅਸਲ ਪੰਜਾਬ ’ਚ ਕੰਮ ਕਰਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਵਿਦੇਸ਼ੀ ਛੁੱਟੀ ਤੇ ਹੋਰ ਛੁੱਟੀਆਂ ਲਈਆਂ ਜਾਂਦੀਆਂ ਹਨ ਪਰ ਇਸ ਸਬੰਧੀ ਵਿਭਾਗ ਨੇ ਇਹ ਜਾਂਚ ਕੀਤੀ ਹੈ ਕਿ ਸਬੰਧਤ ਅਧਿਕਾਰੀ ਅਤੇ ਮੁਲਾਜ਼ਮ ਛੁੱਟੀ ਅਪਲਾਈ ਕਰਨ ਦੇ ਨਾਲ ਹੀ ਆਪਣੀ ਵਿਦੇਸ਼ ਯਾਤਰਾ ਲਈ ਹਵਾਈ ਟਿਕਟ ਬੁੱਕ ਕਰਵਾ ਲੈਂਦੇ ਹਨ, ਜਦੋਂਕਿ ਉਨ੍ਹਾਂ ਦੀ ਛੁੱਟੀ ਅਰਜ਼ੀ ਅਜੇ ਮਨਜ਼ੂਰ ਵੀ ਨਹੀਂ ਹੋਈ ਹੁੰਦੀ।
holiday
ਇਸ ਮਾਮਲੇ ਵਿਚ ਸਿੱਖਿਆ ਵਿਭਾਗ ਵਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ ਵਲੋਂ ਅਪਲਾਈ ਕੀਤੀ ਜਾਣ ਵਾਲੀ ਵਿਦੇਸ਼ੀ ਛੁੱਟੀ ਤੇ ਹੋਰ ਛੁੱਟੀਆਂ ਈ–ਪੰਜਾਬ ਪੋਰਟਲ ’ਤੇ ਆਨਲਾਈਨ ਮਨਜ਼ੂਰ ਹੋਣ ਤੋਂ ਪਹਿਲਾਂ ਹੀ ਫਲਾਈਟ ਦੀ ਟਿਕਟ ਜਾਂ ਯਾਤਰਾ ਸਬੰਧੀ ਜ਼ਰੂਰੀ ਬੁਕਿੰਗ ਪਹਿਲਾਂ ਹੀ ਕਰਵਾ ਲਈਆਂ ਜਾਂਦੀਆਂ ਹਨ।
School Education Department
ਹੁਣ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਤਹਿਤ ਕੰਮ ਕਰ ਰਹੇ ਸਾਰੇ ਅਧਿਕਾਰੀਆਂ, ਮੁਲਾਜ਼ਮਾਂ ਨੂੰ ਸੂਚਿਤ ਕੀਤਾ ਜਾਵੇ ਕਿ ਉਨ੍ਹਾਂ ਵਲੋਂ ਈ-ਪੰਜਾਬ ਪੋਰਟਲ ’ਤੇ ਆਨਲਾਈਨ ਅਪਲਾਈ ਕੀਤੀ ਜਾਣ ਵਾਲੀ ਵਿਦੇਸ਼ੀ ਛੁੱਟੀ ਜਾਂ ਹੋਰ ਛੁੱਟੀਆਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਉਹ ਫਲਾਈਟ ਦੀ ਟਿਕਟ ਜਾਂ ਯਾਤਰੀ ਸਬੰਧੀ ਜ਼ਰੂਰੀ ਬੁਕਿੰਗ ਕਰਵਾਉਣ। ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਧਿਕਾਰੀਆਂ, ਮੁਲਾਜ਼ਮਾਂ ਵਲੋਂ ਲਈ ਜਾਣ ਵਾਲੀ ਛੁੱਟੀ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਆਨਲਾਈਨ ਪੋਰਟਲ ’ਤੇ ਅਟੈਚਡ ਦਸਤਾਵੇਜ਼ ਚੰਗੀ ਤਰ੍ਹਾਂ ਚੈੱਕ ਕਰ ਕੇ ਹੀ ਦਫ਼ਤਰ ਭੇਜੇ ਜਾਣ।
ਇਸ ਤੋਂ ਇਲਾਵਾ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਅਧਿਕਾਰੀ ਜਾਂ ਮੁਲਾਜ਼ਮ ਆਪਣੀ ਛੁੱਟੀ ਲੈਣ ਤੋਂ ਬਾਅਦ ਨਿਰਧਾਰਿਤ ਸਮੇਂ ’ਤੇ ਆਪਣੇ ਡਿਊਟੀ ਸਟੇਸ਼ਨ ’ਤੇ ਹਾਜ਼ਰ ਹੋਣ ਪਰ ਜੇਕਰ ਮੁਲਾਜ਼ਮ ਛੁੱਟੀ ਲੈਣ ਤੋਂ ਬਾਅਦ ਸਮੇਂ ’ਤੇ ਆਪਣੇ ਡਿਊਟੀ ਸਥਾਨ ’ਤੇ ਹਾਜ਼ਰ ਨਹੀਂ ਹੁੰਦਾ ਤਾਂ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਸਕੂਲ ਮੁਖੀ ਇਸ ਦੀ ਸੂਚਨਾ ਤੁਰੰਤ ਮੁੱਖ ਦਫ਼ਤਰ ਨੂੰ ਦੇਣ।