
ਬਲਾਤਕਾਰ ਦਾ ਵਿਰੋਧ ਕਰਨ 'ਤੇ ਕੁੜੀ ਦੇ ਚਿਹਰੇ ਅਤੇ ਸਿਰ 'ਤੇ ਕੀਤੇ ਸਨ ਇੱਟ ਨਾਲ ਵਾਰ
ITI ਦਾ ਵਿਦਿਆਰਥੀ ਹੈ 22 ਸਾਲਾ ਮੁਲਜ਼ਮ ਤੇ ਸਕੂਲ 'ਚ ਪੜ੍ਹਦੇ ਸਮੇਂ ਹੋਈ ਸੀ ਕੁੜੀ ਨਾਲ ਦੋਸਤੀ
ਮੁਲਜ਼ਮ ਗੁਰਪ੍ਰੀਤ ਸਿੰਘ ਨੇ ਕਬੂਲਿਆ ਆਪਣਾ ਜੁਰਮ
CCTV ਦੇ ਆਧਾਰ 'ਤੇ ਪੁਲਿਸ ਨੇ ਕੀਤੀ ਕਾਰਵਾਈ
ਪਟਿਆਲਾ : ਬੀਤੇ ਦਿਨ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਅਧੀਨ ਆਉਂਦੇ ਪਾਤੜਾਂ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਸੀ ਜਿਥੇ ਇਕ 15 ਸਾਲ ਦੀ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਮਗਰੋਂ ਕਤਲ ਕਰ ਦਿਤਾ ਗਿਆ ਸੀ। ਪੁਲਿਸ ਨੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦਸਿਆ ਕਿ ਕੱਲ ਹਲਕਾ ਸਮਾਣਾ ਦੇ ਪਾਤੜਾਂ 'ਚ ਇਕ ਨਾਬਾਲਗ ਲੜਕੀ ਦਾ ਕਤਲ ਕਰ ਦਿਤਾ ਗਿਆ ਸੀ ਜਿਸ ਵਿੱ ਅਸੀਂ ਕਾਰਵਾਈ ਕਰਦਿਆਂ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਉਮਰ 22 ਸਾਲ ਦੇ ਕਰੀਬ ਹੈ ਅਤੇ ਉਹ 10ਵੀ ਪਾਸ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਗੁਰਪ੍ਰੀਤ ਸਿੰਘ ਪਾਤੜਾਂ ਹਲਕੇ ਦੇ ITI ਵਿਚ ਪੜ੍ਹ ਰਿਹਾ ਹੈ ਅਤੇ ਉਹ ਅਕਸਰ ਹੀ 8ਵੀ ਜਮਾਤ 'ਚ ਪੜ੍ਹਦੀ 15 ਸਾਲ ਦੀ ਨਾਬਾਲਗ ਲੜਕੀ 'ਤੇ ਗ਼ਲਤ ਨਜ਼ਰ ਰੱਖਦਾ ਸੀ।
ਇਹ ਵੀ ਪੜ੍ਹੋ: ਅਣਖ ਖ਼ਾਤਰ ਹਤਿਆ: ਮਾਪਿਆਂ ਦੇ ਇਕਲੌਤੇ ਪੁੱਤਰ ਦਾ ਕਤਲ
ਉਨ੍ਹਾਂ ਅੱਗੇ ਦਸਿਆ ਕਿ ਜਦੋਂ ਲੜਕੀ ਘਰ ਤੋਂ 7 ਵਜੇ ਦੇ ਕਰੀਬ ਦੁੱਧ ਲੈਣ ਦੇ ਲਈ ਢੜਿਆਲ ਰੋਡ ਵਿਖੇ ਗਈ ਤਾਂ ਗੁਰਪ੍ਰੀਤ ਸਿੰਘ ਨੇ ਮੌਕਾ ਦੇਖਦਿਆਂ ਹੀ ਉਸ ਲੜਕੀ ਨੂੰ ਜ਼ਬਰਦਸਤੀ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਪਾਤੜਾਂ ਵਿਚ ਲੈ ਗਿਆ ਜਿਥੇ ਪਹਿਲਾ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ ਅਤੇ ਇਸ ਦਾ ਵਿਰੋਧ ਕਰਨ 'ਤੇ ਲੜਕੇ ਨੇ ਕੁੜੀ ਦੀ ਚਿਹਰੇ ਅਤੇ ਸਿਰ 'ਤੇ ਇੱਟ ਨਾਲ ਕਈ ਵਾਰ ਕੀਤੇ ਤੇ ਫਿਰ ਉਸ ਦਾ ਕਤਲ ਕਰ ਦਿਤਾ।
ਐਸ.ਐਸ.ਪੀ. ਵਰੁਣ ਸ਼ਰਮਾ ਨੇ ਦਸਿਆ ਕਿ ਅਸੀਂ ਕਾਰਵਾਈ ਕਰਦਿਆਂ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਕਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਉੱਪਰ ਥਾਣਾ ਪਾਤੜਾਂ, ਜ਼ਿਲ੍ਹਾ ਪਟਿਆਲਾ ਵਿਖੇ ਮੁਕਦਮਾ ਨੰਬਰ 182 ਧਾਰਾ 302, 376ਏ 4 ਪੋਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।