ਆਈ.ਐਮ.ਏ. ਦੇ ਸਹਿਯੋਗ ਨਾਲ ਪਾਣੀ ਤੋਂ ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ ਮਿਲਣਗੀਆਂ ਮੁਫ਼ਤ ਸਿਹਤ ਸੇਵਾਵਾਂ
ਹਰਪਾਲਪੁਰ-ਘਨੌਰ, ਸ਼ੁਤਰਾਣਾ, ਬਾਦਸ਼ਾਹਪੁਰ-ਘੱਗਾ ਤੇ ਦੁਧਨਸਾਧਾਂ ਲਈ 4 ਮੋਬਾਇਲ ਮੈਡੀਕਲ ਟੀਮਾਂ ਰਵਾਨਾ
ਚੰਡੀਗੜ੍ਹ, 13 ਜੁਲਾਈ 2023 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਲਈ ਮੁੱਢਲੇ ਮੈਡੀਕਲ ਕੈਂਪਾਂ ਰਾਹੀਂ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਮੈਡੀਕਲ ਸਲਾਹ, ਦਵਾਈਆਂ ਤੇ ਐਮਰਜੈਂਸੀ ਦੀ ਹਾਲਤ 'ਚ ਟੈਸਟ ਤੇ ਐਂਬੂਲੈਂਸ ਦੀ ਸੇਵਾ ਮੁਫ਼ਤ ਪ੍ਰਦਾਨ ਕਰਨ ਦੀ ਸ਼ੁਰੂਆਤ ਕਰਵਾਈ।
ਡਾ. ਬਲਬੀਰ ਸਿੰਘ ਨੇ ਹਰਪਾਲਪੁਰ-ਘਨੌਰ, ਸ਼ੁਤਰਾਣਾ, ਬਾਦਸ਼ਾਹਪੁਰ-ਘੱਗਾ ਤੇ ਇੱਕ ਦੁਧਨਸਾਧਾਂ ਲਈ 4 ਮੋਬਾਇਲ ਮੈਡੀਕਲ ਟੀਮਾਂ ਰਵਾਨਾ ਕਰਨ ਸਮੇਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵੱਲੋਂ ਆਈ.ਐਮ.ਏ. ਪਟਿਆਲਾ, ਪੰਜਾਬ ਸਮੇਤ ਦਿਲ ਦੇ ਰੋਗਾਂ ਦੇ ਮਾਹਰ ਡਾ. ਸੁਧੀਰ ਵਰਮਾ ਤੇ ਮੈਡੀਕਲ ਰਿਪਰਜੈਂਟੇਟਿਵ ਐਸੋਸੀੲਸ਼ਨ ਦੇ ਸਹਿਯੋਗ ਨਾਲ ਸ਼ੁਰੂ ਹੋਏ ਇਹ ਮੈਡੀਕਲ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਆਪਣੀਆਂ ਸੇਵਾਵਾਂ ਮੁਫਤ ਪ੍ਰਦਾਨ ਕਰਨਗੇ। ਜਦੋਂਕਿ ਘਨੌਰ ਇਲਾਕੇ ਵਿੱਚ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਮੈਡੀਕਲ ਟੀਮ ਆਪਣੀ ਸੇਵਾ ਪ੍ਰਦਾਨ ਕਰੇਗੀ।
ਸਿਹਤ ਮੰਤਰੀ ਨੇ ਪਾਣੀ ਨਾਲ ਪ੍ਰਭਾਵਿਤ ਕਲੋਨੀਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੈਡੀਕਲ ਕੈਂਪਾਂ ਦਾ ਲਾਭ ਲੈਣ। ਉਨ੍ਹਾਂ ਦੱਸਿਆ ਕਿ ਆਈ.ਐਮ.ਏ. ਦੇ ਸਹਿਯੋਗ ਨਾਲ ਪੁੱਡਾ ਦਫ਼ਤਰ ਫੇਜ-2, ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਗੇਟ ਨੰਬਰ-1 ਫੇਜ-1, ਨਵਾ ਬੱਸ ਅੱਡਾ, ਗੁਰਦੁਆਰਾ ਅੰਗੀਠਾ ਸਾਹਿਬ ਬਾਬਾ ਦੀਪ ਸਿੰਘ ਨਗਰ, ਪਲਾਟ ਨੰਬਰ-ਸੀ-109, ਫੋਕਲ ਪੁਆਇੰਟ, ਨਵੀਂ ਸਬਜੀ ਮੰਡੀ ਸਨੌਰ ਰੋਡ ਅਤੇ ਅਰਾਈ ਮਾਜਰਾ ਦੇ ਆਮ ਆਦਮੀ ਕਲੀਨਿਕ ਵਿਖੇ ਇਹ ਮੈਡੀਕਲ ਕੈਂਪ ਸ਼ੁਰੂ ਕੀਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਡਾ. ਰਮਿੰਦਰ ਕੌਰ ਦੀ ਅਗਵਾਈ ਹੇਠਲੀ ਟੀਮ ਲੋਕਾਂ ਨੂੰ ਪੀਣ ਵਾਲੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਕੇ ਓ.ਆਰ.ਐਸ. ਦੇ ਪੈਕੇਟ ਤੇ ਕਲੋਰੀਨ ਦੀਆਂ ਗੋਲੀਆਂ ਵੰਡ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਹੋਣ ਦੇ ਤਿੰਨ ਦਿਨ ਤੱਕ ਇਸ ਪਾਣੀ ਦੀ ਵਰਤੋਂ ਪੀਣ ਲਈ ਨਾ ਕਰਕੇ ਨਹਾਉਣ ਜਾਂ ਕੱਪੜੇ ਤੇ ਭਾਂਡੇ ਆਦਿ ਧੋਣ ਲਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੀਣ ਲਈ ਕੇਵਲ ਟੈਂਕਰ ਦਾ ਕਲੋਰੀਨ ਯੁਕਤ ਪਾਣੀ ਹੀ ਵਰਤਿਆ ਜਾਵੇ ਜਾਂ 20 ਲਿਟਰ ਪਾਣੀ ਵਿੱਚ 1 ਗੋਲੀ ਕਲੋਰੀਨ ਦੀ ਪਾ ਕੇ ਸਾਫ਼ ਪਾਣੀ ਹੀ ਪੀਤਾ ਜਾਵੇ।
ਇਸ ਮੌਕੇ ਆਈ.ਐਮ.ਏ. ਦੇ ਪ੍ਰਧਾਨ ਡਾ. ਭਗਵੰਤ ਸਿੰਘ, ਡਾ. ਸੁਧੀਰ ਵਰਮਾ, ਆਈ.ਐਮ.ਏ. ਪਟਿਆਲਾ ਦੇ ਪ੍ਰਧਾਨ ਡਾ. ਚੰਦਰ ਮੋਹਿਨੀ, ਸਕੱਤਰ ਡਾ. ਨਿਧੀ ਬਾਂਸਲ, ਖ਼ਜ਼ਾਨਚੀ ਡਾ. ਅਨੂ ਗਰਗ, ਡਾ. ਜਤਿੰਦਰ ਕਾਂਸਲ, ਡਾ. ਵਿਸ਼ਾਲ ਚੋਪੜਾ, ਡਾ. ਸੰਦੀਪ ਚੋਪੜਾ, ਡਾ. ਜੇਪੀਐਸ ਹੰਸ, ਡਾ. ਐਸ.ਐਸ. ਬੋਪਾਰਾਏ, ਡਾ. ਮਿਨਾਕਸ਼ੀ ਸਿੰਗਲਾ, ਡਾ ਵਿਵੇਕ ਸਿੰਗਲਾ, ਡਾ. ਬਲਬੀਰ ਖਾਨ, ਡਾ. ਜੇ.ਪੀ.ਐਸ. ਸੋਢੀ, ਸਿਹਤ ਵਿਭਾਗ ਤੋਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ, ਕਰਨਲ ਜੇ.ਵੀ. ਸਿੰਘ, ਬਲਵਿੰਦਰ ਸਿੰਘ ਸੈਣੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।