
ਉਨ੍ਹਾਂ ਦਸਿਆ, ਪੰਜਾਬ ਚ ਹੋਰ ਥਾਵਾਂ ’ਤੇ ਵੀ ਉਨ੍ਹਾਂ ਵਲੋਂ ਲੰਗਰ ਦੀ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ
ਸੁਲਤਾਨਪੁਰ ਲੋਧੀ (ਰਮਨਦੀਪ ਕੌਰ ਸੈਣੀ/ਵਰੁਣ ਸ਼ਰਮਾ) : ਜਲੰਧਰ ਦੇ ਲੋਹੀਆਂ 'ਚ ਹੜ੍ਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ।ਪੰਜਾਬ, ਹਿਮਾਚਲ, ਚੰਡੀਗੜ੍ਹ ਵਿਚ ਪਿਛਲੇ ਦਿਨਾਂ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਸਤਲੁਜ ਵਿਚ ਵਧਿਆ ਪਾਣੀ ਦਾ ਪੱਧਰ ਹਰੇਕ ਪਾਸੇ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਲੋਹੀਆਂ ਬਲਾਕ ਦੇ ਕਈ ਪਿੰਡਾਂ ਵਿਚ ਪਾਣੀ ਭਰਨ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਪਰ ਧੁੱਸੀ ਬੰਨ੍ਹ ਦੇ 2 ਥਾਵਾਂ ਤੋਂ ਟੁੱਟ ਜਾਣ ਕਾਰਨ ਹੇਠਲੇ ਖੇਤਰ ਦੇ ਕਈ ਪਿੰਡਾਂ ਵਿਚ ਹਾਲਾਤ ਬਦਤਰ ਹੋ ਗਏ ਹਨ। ਲੋਕਾਂ ਦੇ ਘਰ-ਖੇਤ ਪਾਣੀ ਵਿਚ ਡੁੱਬੇ ਹੋਏ ਹਨ। ਲੋਕਾਂ ਨੂੰ ਬਿਜਲੀ, ਪਾਣੀ ਅਤੇ ਖਾਣ-ਪੀਣ ਦੇ ਸਾਮਾਨ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੰਨ੍ਹ ਨੂੰ ਭਰਨ ਲਈ ਜਿੱਥੇ ਸੰਤ ਸੀਚੇਵਾਲ ਦੀ ਅਗਵਾਈ ’ਚ ਕਾਰਜ ਆਰੰਭੇ ਹੋਏ ਹਨ ਉਥੇ ਹੀ ਦੂਜੇ ਪਾਸੇ ਸਮਾਜ ਸੇਵੀਆਂ ਨੇ ਵੀ ਲੋਕਾਂ ਲਈ ਖੁੱਲ੍ਹੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।
ਸੇਵਾਦਾਰ ਜਸਵੰਤ ਸਿੰਘ (ਮੈਨੇਜਰ ਗੁਰਦੁਆਰਾ ਬੇਬੇ ਨਾਨਕੀ, ਸੁਲਤਾਨਪੁਰ ਲੋਧੀ) ਨੇ ਦਸਿਆ, ‘ਤਿੰਨ ਦਿਨਾਂ ਤੋਂ ਇੱਥੇ ਲਗਾਤਾਰ ਚਾਹ ਤੇ ਰੋਟੀ ਦਾ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋੜਵੰਦ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦਾ ਤੇਲ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।’
ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, ਮੱਖੂ ਦਾ ਪੁਲ ਥੱਲਿਓਂ ਨੀਵਾਂ ਹੋਣਾ ਚਾਹੀਦਾ ਹੈ। ਜਿਸ ਕਾਰਨ ਪਾਣੀ ਉਪਰੋਂ ਲੰਘਣ ਦੀ ਬਜਾਏ ਥੱਲਿਓਂ ਲੰਘ ਸਕੇ।
ਉਨ੍ਹਾਂ ਦਸਿਆ, ਪੰਜਾਬ ਚ ਹੋਰ ਥਾਵਾਂ ’ਤੇ ਵੀ ਉਨ੍ਹਾਂ ਵਲੋਂ ਲੰਗਰ ਦੀ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਪੂਰੇ ਇਲਾਕੇ ’ਚ 8 ਤੋਂ 10 ਫੁੱਟ ਦੇ ਕਰੀਬ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਲਈ ਪੱਠਿਆਂ ਦੀ ਸੇਵਾ ਵੀ ਮੁਹੱਈਆ ਕਰਵਾਈ ਜਾਵੇ।