ਹੜ੍ਹ ਕਾਰਨ ਪਿੰਡ ਦੇ ਦੋਹਾਂ ਸ਼ਮਸ਼ਾਨ ਘਾਟਾਂ 'ਚ ਭਰਿਆ ਪਾਣੀ
ਨੈੱਟਵਰਕ ਨਾ ਹੋਣ ਕਾਰਨ ਪ੍ਰਸ਼ਾਸਨ ਨਾਲ ਨਹੀਂ ਹੋ ਸਕਿਆ ਕੋਈ ਸੰਪਰਕ : ਪ੍ਰਵਾਰ
ਲੋਹੀਆਂ : ਜਲੰਧਰ ਜ਼ਿਲ੍ਹੇ ਦੇ ਕਸਬਾ ਲੋਹੀਆਂ ਅਧੀਨ ਆਉਂਦੇ ਪਿੰਡ ਗਿੱਦੜਪਿੰਡੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥ ਪਿੰਡ ਵਿਚ ਦੋ ਸ਼ਮਸ਼ਾਨ ਘਾਟ ਹੋਣ ਦੇ ਬਾਵਜੂਦ ਵੀ ਬਜ਼ੁਰਗ ਦਾ ਅੰਤਿਮ ਸਸਕਾਰ ਸੜਕ ਕੰਢੇ ਹੀ ਕਰਨਾ ਪਿਆ। ਅਸਲ ਵਿਚ ਸਥਿਤੀ ਸ਼ਮਸ਼ਾਨ ਘਾਟ ਵਿਚ ਪਾਣੀ ਭਰ ਜਾਣ ਕਾਰਨ ਪੈਦਾ ਹੋਈ।
ਮ੍ਰਿਤਕ ਦੀ ਪਛਾਣ ਮਾ. ਸੋਹਣ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਕਰੀਬ 85 ਵਰ੍ਹੇ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਵੱਧਣ ਮਗਰੋਂ ਧੁੱਸੀ ਬੰਨ੍ਹ ਟੁੱਟ ਗਿਆ ਸੀ। ਜਿਸ ਕਾਰਨ ਵੱਡੀ ਗਿਣਤੀ ਦੇ ਵਿਚ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਸਨ।
ਇਹ ਵੀ ਪੜ੍ਹੋ: ਬਨੂੜ : 8ਵੀਂ ਜਮਾਤ ਦੀ ਵਿਦਿਆਰਥਣ ਨੇ ਜਿੰਗਲ ਰਾਈਟਿੰਗ ਮੁਕਾਬਲੇ 'ਚ ਹਾਸਲ ਕੀਤਾ ਦੂਜਾ ਸਥਾਨ
ਬੀਤੀ ਰਾਤ ਜਦੋਂ ਬਜ਼ੁਰਗ ਦੀ ਤਬੀਅਤ ਵਿਗੜ ਤਾਂ ਉਸ ਨੂੰ ਹਸਪਤਾਲ ਲਿਜਾਣ ਲਈ ਕੋਈ ਪ੍ਰਬੰਧ ਨਹੀਂ ਹੋ ਸਕਿਆ। ਪ੍ਰਵਾਰਕ ਜੀਆਂ ਅਨੁਸਾਰ ਬਜ਼ੁਰਗ ਬੀਮਾਰ ਸੀ ਜਿਸ 'ਤੇ ਉਨ੍ਹਾਂ ਵਲੋਂ ਪ੍ਰਸ਼ਾਸਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨੈਟਵਰਕ ਨਾ ਹੋਣ ਦੇ ਚਲਦਿਆਂ ਸੰਪਰਕ ਨਹੀਂ ਹੋ ਸਕਿਆ।
ਇਸ ਦੇ ਚਲਦੇ ਹੀ ਬਜ਼ੁਰਗ ਦੀ ਮੌਤ ਹੋ ਗਈ। ਉਧਰ ਪਿੰਡ ਵਿਚ ਹੜ੍ਹ ਦੀ ਸਥਿਤੀ ਹੋਣ ਕਾਰਨ ਸ਼ਮਸ਼ਾਨ ਘਾਟ ਵਿਚ ਵੀ ਪਾਣੀ ਭਰਿਆ ਹੋਇਆ ਸੀ। ਇਸ ਲਈ ਪ੍ਰਵਾਰ ਨੂੰ ਬਜ਼ੁਰਗ ਦਾ ਅੰਤਿਮ ਸਸਕਾਰ ਸੜਕ ਕੰਢੇ ਹੀ ਕਰਨਾ ਪਿਆ।