
ਪਵਿੱਤਰ ਵੇਈਂ ਦੀ ਸੇਵਾ ਦਾ ਸਫ਼ਰ ਸਫਾਈ ਤੱਕ ਸੀਮਤ ਨਹੀਂ ਸਗੋਂ ਇੱਕ ਲੋਕ ਚੇਤਨਾ ਦੀ ਲਹਿਰ ਹੈ : ਡਾ. ਗੋਸਲ
ਸੁਲਤਾਨਪੁਰ ਲੋਧੀ: ਹਵਾ, ਪਾਣੀ ਤੇ ਧਰਤੀ ਨੂੰ ਬਚਾਉਣ ਦੇ ਸੱਦੇ ਨਾਲ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 25 ਵੀਂ ਵਰ੍ਹੇਗੰਢ ਮਨਾਉਣ ਲਈ ਚਾਰ ਦਿਨ ਚੱਲਣ ਵਾਲੇ ਸਮਾਗਮ ਸ਼ੁਰੂ ਹੋ ਗਏ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਇੰਨ੍ਹਾਂ ਸਮਾਗਮਾਂ ਦੇ ਪਹਿਲੇ ਦਿਨ ਵਾਤਾਵਰਣ ਕਾਨਫਰੰਸ-2025 ਦੌਰਾਨ ਬੁਲਾਰਿਆਂ ਨੇ ਦੇਸ਼ ਦੀਆਂ ਨਦੀਆਂ ਨੂੰ ਗੰਦੇ ਨਾਲੇ ਬਣਾਉਣ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।ਐਨਜੀਟੀ ਦੇ ਮੈਂਬਰ ਡਾ: ਅਫਰੋਜ਼ ਅਹਿਮਦ ਕਾਨਫਰੰਸ ਵਿੱਚ ਬਤੌਰ ਮੁਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ। ਡਾ: ਅਫਰੋਜ਼ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰਸੰਸਾ ਕਰਦਿਆ ਕਿਹਾ ਕਿ 25 ਸਾਲਾਂ ਦੇ ਲੰਮੇ ਅਰਸੇ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਨਾਲ ਲੈਕੇ 165 ਕਿਲੋਮੀਟਰ ਲੰਮੀ ਨਦੀਂ ਨੂੰ ਸਾਫ ਕਰਕੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਅਨੂਠੀ ਮਿਸਾਲ ਪੈਦਾ ਕੀਤੀ ਹੈ।
ਡਾ: ਅਫਰੋਜ਼ ਅਹਿਮਦ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਪਾਣੀਆਂ ਨੂੰ ਸਾਫ ਕਰਨ ਬਾਰੇ ਕੋਈ ਫੈਸਲਾ ਲਿਖਦੇ ਹਨ ਤਾਂ ਉਸ ਵਿੱਚ ਸੀਚੇਵਾਲ ਮਾਡਲ ਦਾ ਉਚੇਚਾ ਜ਼ਿਕਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਜਿੱਥੇ ਲੋਕਾਂ ਨੇ ਨਦੀਆਂ ਤੇ ਝੀਲਾਂ ‘ਤੇ ਕਬਜ਼ੇ ਕਰਕੇ ਉਨ੍ਹਾਂ ਦੀ ਹੋਂਦ ਹੀ ਖਤਮ ਕਰ ਦਿੱਤੀ ਸੀ, ਉਨ੍ਹਾਂ ਨੂੰ ਐਨਜੀਟੀ ਨੇ ਆਪਣੇ ਫੈਸਲਿਆਂ ਵਿੱਚ ਮੁੜ ਨਦੀਆਂ ਤੇ ਝੀਲਾਂ ਐਲਾਨਿਆ ਹੈ। ਡਾ: ਅਫਰੋਜ਼ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆ ਕਿਹਾ ਕਿ ਨਦੀਆਂ ਤੇ ਦਰਿਆਵਾਂ ਨੂੰ ਸਭ ਤੋਂ ਵੱਧ ਪੇਪਰ ਮਿੱਲਾਂ ਤੇ ਸ਼ੂਗਰ ਮਿੱਲਾਂ ਬਰਬਾਦ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਕਾਰ ਸੇਵਾ ਰਾਹੀ ਕਾਲੀ ਵੇਈਂ ਨੂੰ ਜਿਸ ਤਰ੍ਹਾਂ ਸਾਫ਼ ਕੀਤਾ ਹੈ ਉਸ ਨੂੰ ਪੂਰੀ ਦੁਨੀਆਂ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਵੇਈਂ ਨਦੀ ਦੀ ਸਫਾਈ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਵਾਲੀ ਸੇਵਾ ਹੈ। ਸੰਤ ਸੀਚੇਵਾਲ ਤੇ ਸੰਗਤਾਂ ਵੱਲੋਂ ਸਾਫ ਕੀਤੀ ਵੇਈਂ ਇੱਕ ਦਿਨ ਦੁਨੀਆ ਦੇ ਨਕਸ਼ੇ ‘ਤੇ ਆਵੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੀ ਸਫਾਈ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲਿਆ ਇਹ ਸਫ਼ਰ ਇੱਕਲਾ ਸਾਫ-ਸਫਾਈ ਤੱਕ ਸੀਮਤ ਨਹੀਂ ਰਹੇਗਾ। ਸਗੋਂ ਇਹ ਇੱਕ ਵੱਡੀ ਵਾਤਾਵਰਣ ਅਤੇ ਅਧਿਆਤਮਿਕ ਚੇਤਨਾ ਦੀ ਲਹਿਰ ਹੈ।ਇਸ ਨੇ ਪੰਜਾਬ ਦੀ ਧਰਤੀ ਨੂੰ ਦੁਨੀਆਂ ਭਰ ਵਿੱਚ ਇੱਕ ਵੱਖਰੀ ਪਛਾਣ ਦਿੱਤੀ ਹੈ।ਉਨ੍ਹਾਂ ਕਿਹਾ ਕਿ ਅੱਜ ਹਲਾਤ ਇਹ ਹੋ ਗਈ ਹੈ ਕਿ ਸਾਡੇ ਘਰਾਂ ਦੇ ਕਮਰਿਆਂ ਤੱਕ ਪ੍ਰਦੂਸ਼ਣ ਦੀ ਮਾਰ ਪੈ ਰਹੀ ਹੈ।ਇਸ ਲਈ ਸਾਹ ਲੈਣ ਲੱਗਿਆ ਵੀ ਸਾਨੂੰ ਸਮਸਿਆਵਾਂ ਆਉਣ ਲੱਗ ਪਈਆਂ ਹਨ।ਉਨ੍ਹਾਂ ਸੁਝਾਅ ਦਿੱਤਾ ਕਿ ਕਮਰਿਆਂ ਵਿੱਚ ਵੀ ਖਾਸ ਕਿਸਮ ਦੇ ਬੂਟੇ ਰੱਖਣ ਦੀ ਲੋੜ ਹੈ।
ਸਮਾਗਮ ਨੂੰ ਸੰਬੋਧਨ ਹੁੰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਕਾਨਫਰੰਸ ਕਰਵਾਉਣ ਦਾ ਮੁਖ ਮਕਸਦ ਤੇਜ਼ੀ ਨਾਲ ਵੱਧ ਰਹੀ ਆਲਮੀ ਤਪਸ਼ ਨੂੰ ਘਟਾਉਣਾ ਹੈ। ਉਹਨਾਂ ਕਿਹਾ ਇਹ ਉਹ ਇਸ਼ਾਰਾ ਹੈ, ਜਿਸਨੂੰ ਲੋਕ ਅੱਜ ਸਮਝ ਨਹੀ ਪਾ ਰਹੇ। ਸੰਤ ਸੀਚੇਵਾਲ ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨਿਭਾਈਆਂ ਹੁੰਦੀਆਂ ਤਾਂ ਸਾਨੂੰ ਕਦੇ ਇਹ ਦਿਹਾੜੇ ਮਨਾਉਣ ਦੀ ਲੋੜ ਨਹੀ ਸੀ ਪੈਣੀ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਸਰਲ ਭਾਸ਼ਾ ਵਿੱਚ ਗੁਰਬਾਣੀ ਰਾਹੀਂ ਸਾਨੂੰ ਸਾਰੇ ਹੱਲ ਦੱਸੇ ਹਨ, ਜਿਸਤੇ ਅੱਜ ਕੁੱਲ ਲੋਕਾਈ ਨੂੰ ਚੱਲਣ ਦੀ ਲੋੜ ਹੈ।
ਇਸ ਮੌਕੇ ਸੰਤ ਸੁਖਜੀਤ ਸਿੰਘ, ਏ.ਡੀ.ਸੀ ਵਰਿੰਦਰ ਵਾਲੀਆ, ਬੇਗਮ ਸਾਦੀਆ, ਸੁਰਜੀਤ ਸਿੰਘ ਸ਼ੰਟੀ, ਨਿਰਮਲ ਸਿੰਘ ਨੰਬਰਦਾਰ, ਪਰਮਜੀਤ ਸਿੰਘ ਮਾਨਸਾ, ਐਸ.ਡੀ.ਐਮ ਅਲਕਾ ਕਾਲੀਆ, ਡੀ.ਐਸ.ਪੀ ਹਰਗੁਰਦੇਵ, ਸੀਨੀਅਰ ਪੱਤਰਕਾਰ ਰੋਸ਼ਨ ਖੈੜਾ, ਡਾ. ਆਸਾ ਸਿੰਘ ਘੁੰਮਣ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਤੇ ਕਾਲਜ਼ ਦੇ ਸਟਾਫ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ।
ਬਾਕਸ ਆਈਟਮ : ਕਿਸ਼ਤੀ ਰਾਹੀ ਕਰਵਾਏ ਗਏ ਪਵਿੱਤਰ ਵੇਈ ਦੇ ਦਰਸ਼ਨ, ਪਾਣੀ ਦਾ ਟੀ.ਡੀ.ਐਸ ਕਰਵਾਇਆ ਗਿਆ ਚੈੱਕ : ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਕਰਵਾਈ ਗਈ ਵਾਤਾਵਰਣ ਕਾਨਫਰੰਸ ਦੌਰਾਨ ਪਹੁੰਚੇ ਡਾ. ਅਫਰੋਜ਼ ਅਹਿਮਦ ਪ੍ਰਿੰਸੀਪਲ ਬੈਂਚ ਅੇਨ.ਜੀ.ਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਰਲਰ ਡਾ. ਸਤਿਬੀਰ ਸਿੰਘ ਦਾ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਤ ਸੀਚੇਵਾਲ ਵਲੋਂ ਉਹਨਾਂ ਨੂੰ ਬੋਟ ਰਾਹੀ ਪਵਿੱਤਰ ਵੇਈਂ ਦੇ ਦਰਸ਼ਨ ਕਰਵਾਏ ਗਏ ਤੇ ਪਵਿੱਤਰ ਕਾਲੀ ਵੇਂਈ ਦੇ ਪਾਣੀ ਦਾ ਟੀ.ਡੀ.ਐਸ ਚੈੱਕ ਕਰਵਾਇਆ ਗਿਆ। ਉਪਰੰਤ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਦੇ ਕੰਪਲੈਕਸ ਵਿੱਚ ਬੂਟੇ ਲਗਾਏ ਗਏ।