
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪਿਛਲੇ ਸਮੇਂ ਦੌਰਾਨ ਆਏ ਜ਼ਿਕਰਯੋਗ ਪਰਿਵਰਤਨ ਅਤੇ ਹੋਈ ਤਰੱਕੀ ਲਈ ਇਨ੍ਹਾਂ ਸਕੂਲਾਂ ਪ੍ਰਤੀ ਆਮ ਲੋਕਾਂ...............
ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪਿਛਲੇ ਸਮੇਂ ਦੌਰਾਨ ਆਏ ਜ਼ਿਕਰਯੋਗ ਪਰਿਵਰਤਨ ਅਤੇ ਹੋਈ ਤਰੱਕੀ ਲਈ ਇਨ੍ਹਾਂ ਸਕੂਲਾਂ ਪ੍ਰਤੀ ਆਮ ਲੋਕਾਂ ਦੀ ਸੋਚ ਨੂੰ ਬਦਲ ਕੇ ਰੱਖ ਦਿਤਾ ਹੈ। ਅੱਜ ਜਦੋਂ ਮੁਕਾਬਲੇ ਬਾਜੀ ਦਾ ਦੌਰ ਸੰਸਾਰ ਭਰ ਦੇ ਵਿਦਿਆਰਥੀਆਂ ਲਈ ਇਕ ਚਣੋਤੀ ਬਣਿਆ ਹੈ ਤਾਂ ਅਜਿਹੇ ਸਮੇਂ ਵਿਚ ਵੱਧ ਯੋਗਤਾ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਹੂਨਰ ਦੀ ਪਰਖ ਵੀ ਹੋਣ ਲੱਗ ਪਈ ਹੈ। ਕਈ ਮਿਹਨਤੀ ਅਤੇ ਲਗਨ ਵਾਲੇ ਅਧਿਆਪਕਾਂ ਨੇ ਮਾਡਲ ਅਤੇ ਕਾਨਵੈਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਨ ਵਿਚ ਹਿਮਤ ਕਰ ਦਿਖਾਈ ਹੈ।
ਗੰਭੀਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪਤੀ ਪਤਨੀ ਅਧਿਆਪਕ ਜੋੜੀ ਪਰਮਜੀਤ ਕੁਮਾਰ ਅਤੇ ਸੁਸ਼ਮਾਂ ਦੇਵੀ ਤੇ ਤੀਜੇ ਅਧਿਆਪਕ ਹਰਪ੍ਰੀਤ ਸਿੰਘ ਨੇ ਅਪਣੀ ਅਣਥੱਕ ਮਿਹਨਤ ਅਤੇ ਲਗਨ ਨਾਲ ਜਿਥੇ ਸਕੂਲ ਦਾ ਨਕਸ਼ ਨੁਹਾਰ ਬਦਲ ਦਿਤਾ ਉਥੇ ਰਾਜ ਸਰਕਾਰ ਵਲੋਂ 2014-15 ਅਤੇ 2015-16 ਵਿਚ ਰਾਜ ਪੁਰਸਕਾਰ ਪ੍ਰਾਪਤ ਕਰਕੇ ਇਹ ਮਿਸਾਲ ਕਾਇਮ ਕੀਤੀ ਜਿਸ ਕਾਰਨ ਅੱਜ ਗੰਭੀਰਪੁਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਇਲਾਕੇ ਵਿਚ ਇਕ ਚਾਨਣ ਮੁਨਾਰਾ ਬਣ ਗਿਆ ਹੈ ਅਤੇ ਇਸ ਅਧਿਆਪਕ ਜੋੜੀ ਦੇ ਬੱਚੇ ਵੀ ਇਸ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵਿਦਿਆ ਹਾਸਲ ਕਰ ਰਹੇ ਹਨ।
ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਵਿਚ 2002 ਵਿਚ ਪਰਮਜੀਤ ਕੁਮਾਰ ਅਤੇ 2004 ਵਿਚ ਸੁਸਮਾਂ ਦੇਵੀ ਨੇ ਅਹੁਦਾ ਸੰਭਾਲਿਆ। ਅਧਿਆਪਕ ਜੋੜੀ ਨੇ ਸਕੂਲ ਵਿਚ ਬਣੇ ਕਮਰਿਆ ਦੀ ਮੁਰੰਮਤ ਕਰਵਾਈ ਪੱਖੇ ਲਗਵਾਏ ਅਤੇ ਸਕੂਲ ਨੂੰ ਰੰਗ ਰੋਗਨ ਕਰਵਾ ਕੇ ਇਸਦੀ ਇਮਾਰਤ ਦੀ ਦਿਖ ਵਿਚ ਚੋਖਾ ਸੁਧਾਰ ਕੀਤਾ। ਉਹਨਾਂ ਸਮਾਜ ਸੇਵੀ ਸੰਗਠਨਾਂ, ਕਲੱਬਾਂ ਅਤੇ ਕਮੇਟੀਆਂ ਦੇ ਸਹਿਯੋਗ ਨਾਲ ਸਕੂਲ ਵਿਚ ਵਰਾਢਾਂ, ਮਾਰਬਲ ਦਾ ਫ਼ਰਸ਼ ਅਤੇ ਇੰਟਰਲਾਕਿੰਗ ਟਾਇਲਾ ਦਾ ਕੰਮ ਸੁਰੂ ਕਰਵਾਇਆ।
ਸਕੂਲ ਵਿਚੋਂ ਲੰਘਦੀਆ ਹਾਈ ਵੋਲਟੇਜ ਬਿਜਲੀ ਦੀਆਂ ਤਾਰਾ ਨੂੰ ਹਟਵਾਇਆਂ ਅਤੇ ਸਕੂਲ ਵਿਚ ਸਮਾਰਟ ਕਲਾਸ ਰੂਮ, ਸਾਇੰਸ ਲੈਬ, ਪ੍ਰਾਜੈਕਟ ਰੂਮ, ਕੰਪਿਊਟਰ ਲੈਬ, ਟੂਲ ਕੀਟ ਅਤੇ ਵਾਟਰ ਕੂਲਰ ਲਗਵਾਏ। ਰੂਪਨਗਰ ਜ਼ਿਲ੍ਹੇ ਦੇ ਵਧੀਆਂ ਕਾਰਗੁਜਾਰੀ ਵਾਲੇ ਸਕੂਲਾਂ ਦੀ ਮੁਹਰਲੀ ਕਤਾਰ ਵਿਚ ਸੁਮਾਰ ਇਸ ਸਕੂਲ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੇ 21 ਜਨਵਰੀ 2018 ਦੀ ਇਕ ਰੋਜਾਂ ਵਰਕਸ਼ਾਪ ਵਿਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਵਿਦਿਆਰਥੀਆਂ ਦੀ ਨਵੋਦਿਆ ਲਈ ਚੋਣ ਹੋ ਰਹੀ ਹੈ। ਸਕੂਲ ਦੇ ਵਿਦਿਆਰਥੀ ਸਮਰ ਕੈਂਪ ਲਗਾਉਦੇ ਹਨ ਅਤੇ ਅਧਿਆਪਕਾਂ ਵਲੋਂ ਉਨ੍ਹਾਂ ਨੂੰ ਵਿਦਿਅਕ ਟੂਰ ਵੀ ਕਰਵਾਏ ਜਾਂਦੇ ਹਨ।
ਪੰਜਾਬ ਵਿਚ ਅਜਿਹੇ ਸਰਕਾਰੀ ਪ੍ਰਾਇਮਰੀ ਸਕੂਲ ਭਾਵੇ ਅਧਿਆਪਕਾਂ ਦੀ ਮਿਹਨਤ ਤੇ ਲਗਨ ਨਾਲ ਕਾਮਯਾਬ ਹੋ ਰਹੇ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੇ ਸਕੂਲਾਂ ਨੇ ਮਾਡਲ ਅਤੇ ਕਾਨਵੈਂਟ ਸਕੂਲਾਂ ਨੂੰ ਪਛਾੜ ਕੇ ਰੱਖ ਦਿਤਾ ਹੈ। ਇਸ ਇਲਾਕੇ ਵਿਚ ਇਸ ਸਕੂਲ ਦੀ ਕਾਮਯਾਬੀ ਦੀ ਕਾਫ਼ੀ ਚਰਚਾ ਹੈ। ਬਲਾਕ ਸਿਖਿਆ ਅਫ਼ਸਰ ਕਮਲਜੀਤ ਸਿੰਘ ਨੇ ਕਿਹਾ ਹੈ ਕਿ ਸੁਸ਼ਮਾਂ ਦੇਵੀ ਅਤੇ ਹਰਪ੍ਰੀਤ ਸਿੰਘ ਦੇ ਮਾਸਟਰ ਕੇਡਰ 'ਚ ਤਰੱਕੀ ਹੋ ਜਾਣ ਉਪਰੰਤ ਸਕੂਲ 'ਚ ਸਟਾਫ਼ ਦੀ ਘਾਟ ਅਗਲੇ ਕੁਝ ਦਿਨਾਂ 'ਚ ਦੂਰ ਕਰਕੇ ਇਥੇ 2 ਹੋਰ ਅਧਿਆਪਕ ਲਾਏ ਜਾ ਰਹੇ ਹਨ।