
'ਆਪ' ਵੱਲੋਂ ਜਲ ਸਰੋਤ, ਖੇਤੀਬਾੜੀ ਵਿਭਾਗਾਂ ਤੋਂ ਬਾਅਦ ਹੁਣ ਪਾਵਰ ਕੌਮ 'ਚ 40 ਹਜ਼ਾਰ ਤੋਂ ਵੱਧ ਅਸਾਮੀਆਂ ਖ਼ਤਮ ਕਰਨ ਦਾ ਵਿਰੋਧ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀ 'ਰਾਜਾ ਸ਼ਾਹੀ' ਕੈਪਟਨ ਸਰਕਾਰ ਹੁਣ ਸਰਕਾਰੀਆ ਨੌਕਰੀਆਂ ਨੂੰ ਜੜ੍ਹੋਂ ਹੀ ਖ਼ਤਮ ਕਰਨ ਲੱਗੀ ਹੈ ਅਤੇ ਹਰ ਦਿਨ ਕਿਸੇ ਨਾ ਕਿਸੇ ਸਰਕਾਰੀ ਵਿਭਾਗ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਅਸਾਮੀਆਂ ਖ਼ਤਮ ਕਰ ਰਹੀ ਹੈ।
Bhagwant Mann
ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਨੂੰ ਸੱਤਾ ਵਿਚ ਰਹਿਣ ਦਾ ਕੋਈ ਵੀ ਹੱਕ ਨਹੀਂ, ਜਿਸ ਨੇ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਨਾਲ ਘਰ-ਘਰ ਸਰਕਾਰੀ ਨੌਕਰੀ ਪੱਕੇ ਤੌਰ 'ਤੇ ਦੇਣ ਦਾ ਵਾਅਦਾ ਕੀਤਾ ਅਤੇ ਹੁਣ ਆਪਣੇ ਵਾਅਦੇ ਨੂੰ ਭੁੱਲਾ ਕੇ ਰਹਿੰਦੀਆਂ ਸਰਕਾਰੀ ਨੌਕਰੀਆਂ ਦਾ ਵੀ ਭੋਗ ਪਾ ਰਹੀ ਹੈ।
Bhagwant Mann
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀ 'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਬੇਰੁਜ਼ਗਾਰਾਂ ਨਾਲ ਇਹ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇਗੀ, ਅੱਜ ਕਾਂਗਰਸ ਸਰਕਾਰ ਮਾਰੂ ਨੀਤੀਆਂ ਰਾਹੀਂ ਸਰਕਾਰੀ ਨੌਕਰੀਆਂ ਦਾ ਪੱਕੇ ਤੌਰ 'ਤੇ ਹੀ ਭੋਗ ਪਾ ਰਹੀ ਹੈ।
Amarinder Singh
ਭਗਵੰਤ ਮਾਨ ਨੇ ਕਿਹਾ ਕਿ ਸਾਲ 2007 'ਚ ਅਮਰਿੰਦਰ ਸਿੰਘ ਨੇ ਨਾ ਕੇਵਲ ਚੋਣਾਂ ਦੌਰਾਨ ਬੇਰੁਜ਼ਗਾਰਾਂ ਤੋਂ ਫਾਰਮ ਭਰਵਾ ਕੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਇਸ ਤੋਂ ਉਲਟ ਚੱਲ ਕੇ ਨੌਜਵਾਨਾਂ ਦੀ ਉਮੀਦਾਂ 'ਤੇ ਪਾਣੀ ਫੇਰ ਰਹੀ ਹੈ, ਜਿਸ ਕਰਕੇ ਨੌਜਵਾਨਾਂ ਨੂੰ ਹੁਣ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।
Bhagwant Mann
ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਪਾਵਰ ਕਾਮ (ਬਿਜਲੀ) ਵਿਭਾਗ 40,483 ਪ੍ਰਵਾਨਿਤ ਅਸਾਮੀਆਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਮਾਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਹੀ ਪੰਜਾਬ ਸਰਕਾਰ ਨੇ ਪਾਵਰਕੌਮ ਦੀ ਇਨ੍ਹਾਂ ਅਸਾਮੀਆਂ ਸਮੇਤ 50 ਹਜ਼ਾਰ ਤੋਂ ਵੱਧ ਸਰਕਾਰੀ ਪ੍ਰਵਾਨਿਤ ਅਸਾਮੀਆਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਹੈ। ਜਿੰਨਾ 'ਚ 2200 ਤੋਂ ਵੱਧ ਖੇਤੀਬਾੜੀ ਅਤੇ 8000 ਤੋਂ ਵੱਧ ਜਲ ਸਰੋਤ ਵਿਭਾਗ ਦੀਆਂ ਨੌਕਰੀਆਂ ਸ਼ਾਮਲ ਹਨ।
Corona Virus
ਭਗਵੰਤ ਮਾਨ ਨੇ ਕਿਹਾ ਕਿ ਇੰਜ ਲੱਗਦਾ ਹੈ ਜਿਵੇਂ ਸਰਕਾਰ ਦੀ ਮੱਤ ਹੀ ਮਾਰੀ ਗਈ ਹੋਵੇ। ਸਰਕਾਰ ਨੇ ਨੌਕਰੀਆਂ ਦੀ ਛਾਂਟੀ 'ਚ ਪੈਸਕੋ ਅਧੀਨ ਸੁਰੱਖਿਆ ਮੁਲਾਜ਼ਮਾਂ ਵੱਲੋਂ ਨੌਕਰੀ ਕਰਦੇ 1284 ਮੁਲਾਜ਼ਮਾਂ ਦੀ ਵੀ ਛੁੱਟੀ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਠੇਕਾ ਭਰਤੀ ਅਧੀਨ ਕੰਮ ਕਰਦੇ ਸੈਂਕੜੇ ਮੁਲਾਜ਼ਮਾਂ ਦੀ ਵੀ ਨੌਕਰੀ ਖੋਹੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬੇਰੁਜ਼ਗਾਰ ਵਿਰੋਧੀ ਆਪਣਾ ਇਹ ਫ਼ੈਸਲਾ ਵਾਪਸ ਲੈਣ 'ਤੇ ਵਿਚਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਦੇ ਇੰਨਾ ਫ਼ੈਸਲਿਆਂ ਦੇ ਖ਼ਿਲਾਫ਼ ਅੰਦੋਲਨ ਵਿੱਢੇਗੀ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ 2022 'ਚ ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ 'ਤੇ ਇਹਨਾਂ ਸਾਰੇ ਫ਼ੈਸਲਿਆਂ ਨੂੰ ਮੁੱਢੋਂ ਰੱਦ ਕਰਕੇ ਪੰਜਾਬ ਨੂੰ ਰੁਜ਼ਗਾਰ ਮੁਖੀ ਅਤੇ ਨੌਜਵਾਨਾਂ ਦੀ ਉਮੀਦਾਂ ਵਾਲਾ ਸੂਬਾ ਬਣਾਇਆ ਜਾਵੇਗਾ।