
ਕਿਹਾ, ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਮਿਲਣ ਨਾਲ ਸਿਖਿਆ ਦੇ ਖੇਤਰ ’ਚ ਨਵੀਂ ਕ੍ਰਾਂਤੀ ਆਵੇਗੀ
ਪਟਿਆਲਾ/ਖੰਨਾ/ਨਾਭਾ, 12 ਅਗੱਸਤ (ਤੇਜਿੰਦਰ ਫ਼ਤਿਹਪੁਰ/ਅਦਰਸ਼ਜੀਤ ਸਿੰਘ ਖੰਨਾ/ਬਲਵੰਤ ਹਿਆਣਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਚੰਡੀਗੜ੍ਹ ਤੋਂ ਇਕੋ ਸਮੇਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਪੰਜਾਬ ਦੇ ਸਮੂਹ ਜ਼ਿਲ੍ਹਾ ਹੈਡ ਕੁਆਰਟਰਾਂ ’ਤੇ ਅਰੰਭ ਕੀਤੀ ਗਈ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦੇ ਪਹਿਲੇ ਪੜਾਅ ਤਹਿਤ ਪਟਿਆਲਾ ਜ਼ਿਲ੍ਹੇ ਦੇ 12ਵੀਂ ਜਮਾਤ ਦੇ 13962 ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡਣ ਦੀ ਸ਼ੁਰੂਆਤ ਪੰਜਾਬ ਦੇ ਜੰਗਲਾਤ, ਸਮਾਜਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਰਵਾਈ। ਇਸ ਮੌਕੇ ਸ. ਧਰਮਸੋਤ ਨੇ ਜ਼ਿਲ੍ਹੇ ਦੇ ਵਿਧਾਇਕਾਂ ਅਤੇ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ ’ਚ ਜ਼ਿਲ੍ਹੇ ਦੇ 15 ਵਿਦਿਆਰਥੀਆਂ ਨੂੰ ਰਸਮੀ ਤੌਰ ’ਤੇ ਸਮਾਰਟ ਫ਼ੋਨ ਸੌਂਪੇ।
ਇਸ ਮੌਕੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਅਪਣਾ ਸੁਨੇਹਾ ਦਿੰਦਿਆਂ ਨੌਜਵਾਨਾਂ ਨੂੰ ਫ਼ੋਨ ਦਿਤੇ ਜਾਣ ਦੀ ਵਧਾਈ ਦਿਤੀ ਅਤੇ ਇਸ ਸਕੀਮ ਨੂੰ ਰਾਜ ਦੇ ਨੌਜਵਾਨਾਂ ਦੇ ਡਿਜ਼ੀਟਲ ਸਸ਼ਕਤੀਕਰਨ ਵਲ ਮੀਲ ਪੱਥਰ ਕਰਾਰ ਦਿਤਾ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਦੇ ਸੰਕਟ ਸਮੇਂ ਵੰਡੇ ਗਏ ਸਮਾਰਟ ਫ਼ੋਨ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ’ਚ ਅੱਗੇ ਲਿਜਾਣ ਲਈ ਸਹਾਈ ਹੋਣਗੇ ਜਿਸ ਨਾਲ ਪੰਜਾਬ ਅਤੇ ਦੇਸ਼ ਦਾ ਭਵਿੱਖ ਸੰਵਰੇਗਾ।
File Photo
ਮੁੱਖ ਮੰਤਰੀ ਵਲੋਂ ਜਨਮ ਅਸ਼ਟਮੀ ਅਤੇ ਕੌਮਾਂਤਰੀ ਯੁਵਕ ਦਿਵਸ ਮੌਕੇ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦੀ ਸ਼ੁਰੂਆਤ ਕਰਨ ਦੀ ਵਧਾਈ ਦਿੰਦਿਆਂ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਪਣੇ ਸਾਰੇ ਚੋਣ ਵਾਅਦੇ ਪੂਰੇ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ ਉਹ ਕਰ ਵਿਖਾਇਆ ਹੈ। ਕੋਵਿਡ ਸਮੇਂ ਜਦੋਂ ਰਾਜ ਦਾ ਮਾਲੀਆ ਘਟਣ ਕਾਰਨ ਖ਼ਰਚੇ ਵਧੇ, ਉਸ ਸਮੇਂ ਸੂਬੇ ਦੇ 1.74 ਲੱਖ ਵਿਦਿਆਰਥੀਆਂ ਨੂੰ ਕਰੀਬ 92 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਫ਼ੋਨ ਦੇਣ ਦੀ ਸਕੀਮ ਨੂੰ ਮੁੱਖ ਮੰਤਰੀ ਵਲੋਂ ਦਲੇਰੀ ਨਾਲ ਲਿਆ ਫ਼ੈਸਲਾ ਕਰਾਰ ਦਿੰਦਿਆਂ ਸ. ਧਰਮਸੋਤ ਨੇ ਕਿਹਾ ਕਿ ਇਸ ਸਕੀਮ ਨਾਲ ਰਾਜ ਦੀ ਸਿਖਿਆ ਪ੍ਰਣਾਲੀ ’ਚ ਇਕ ਨਵੀਂ ਕ੍ਰਾਂਤੀ ਆਵੇਗੀ, ਜਿਸ ਨਾਲ ਨਵਾਂ ਇਤਿਹਾਸ ਲਿਖਿਆ ਗਿਆ ਹੈ।
ਸਮਾਰੋਹ ਦੌਰਾਨ ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਸ਼ੁਤਰਾਣਾ ਦੇ ਵਿਧਾਇਕ ਸ. ਨਿਰਮਲ ਸਿੰਘ, ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ, ਸਨੌਰ ਦੇ ਇੰਚਾਰਜ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਯੂਥ ਕਾਂਗਰਸ ਪ੍ਰਧਾਨ ਸ੍ਰੀ ਅਨੁਜ ਖੋਸਲਾ ਸ਼ਾਮਲ ਸਨ। ਇਸ ਮੌਕੇ ਮੰਡਲ ਕਮਿਸ਼ਨਰ ਸ੍ਰੀ ਚੰਦਰ ਗੈਂਦ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ, ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਏ.ਡੀ.ਸੀ. ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਹਰਿੰਦਰ ਕੌਰ ਸਮੇਤ ਸਕੂਲਾਂ ਦੇ ਪ੍ਰਿੰਸੀਪਲ ਤੇ ਵਿਦਿਆਰਥੀ ਮੌਜੂਦ ਸਨ।