
ਲੁਧਿਆਣਾ ’ਚ ਖ਼ਸਤਾ ਹਾਲ ਤਿੰਨ ਮੰਜ਼ਲਾ ਬਿਲਡਿੰਗ ਡਿੱਗੀ, ਮਲਬੇ ਹੇਠ 9 ਲੋਕ ਦਬੇ
ਲੁਧਿਆਣਾ, 12 ਅਗੱਸਤ (ਪਪ) : ਲੁਧਿਆਣਾ ਦੇ ਆਰ ਕੇ ਰੋਡ ’ਤੇ ਪੈਂਦੀ ਤਿੰਨ ਮੰਜ਼ਲਾ ਪੁਰਾਣੀ ਫ਼ੈਕਟਰੀ ਵੀਰਵਾਰ ਸਵੇਰੇ ਅਚਾਕਨ ਡਿੱਗ ਪਈ। ਫ਼ੈਕਟਰੀ ਦੀ ਹਾਲਤ ਬੇਹੱਦ ਖ਼ਸਤਾ ਸੀ। ਤਕਰੀਬਨ 3 ਸਾਲ ਪਹਿਲੋਂ ਫ਼ੈਕਟਰੀ ਨੂੰ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਬਿਲਡਿੰਗ ਨੂੰ ਅਸੁਰੱਖਿਅਤ ਐਲਾਨਦਿਆਂ ਸੀਲ ਕਰ ਦਿਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਲੋਕ ਇਸ ਬਿਲਡਿੰਗ ਦੇ ਅੰਦਰ ਰਹਿ ਰਹੇ ਸਨ। ਜਾਣਕਾਰੀ ਤੋਂ ਬਾਅਦ ਥਾਣਾ ਮੋਤੀ ਨਗਰ ਥਾਣਾ, ਡਵੀਜ਼ਨ ਨੰਬਰ ਛੇ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ। ਬਿਲਡਿੰਗ ਦੇ ਅੰਦਰ ਚਾਰ ਵਿਅਕਤੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਦਸਿਆ ਜਾ ਰਿਹਾ ਹੈ ਕਿ ਇਥੇ ਲਗਪਗ 80 ਕੁਆਰਟਰ ਹਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਮਲਬੇ ਹੇਠ 9 ਲੋਕ ਦਬੇ ਗਏ ਹਨ। ਮਲਬੇ ਹੇਠ ਦਬੇ ਲੋਕਾਂ ਨੂੰ ਬਾਹਰ ਕਢਿਆ ਗਿਆ ਅਤੇ ਮੋਹਨਦੇਈ ਓਸਵਾਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿਚੋਂ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਹਾਦਸੇ ਤੋਂ ਬਾਅਦ ਹੜਕੰਪ ਮਚ ਗਿਆ।