
ਉੱਘੇ ਇਤਿਹਾਸਕਾਰ ਜੇ.ਐਸ. ਗਰੇਵਾਲ ਨਹੀਂ ਰਹੇ
ਚੰਡੀਗੜ੍ਹ, 12 ਅਗੱਸਤ (ਝਾਮਪੁਰ) : ਪੰਜਾਬੀ ਦੇ ਉੱਘੇ ਇਤਿਹਾਸਕਾਰ ਤੇ ਸਿੱਖਿਆ ਮਾਹਰ ਡਾ. ਜਗਤਾਰ ਸਿੰਘ ਗਰੇਵਾਲ ਦੇ ਸੁਰਗਵਾਸ ਹੋਣ ਨਾਲ ਪੰਜਾਬ ਦੀ ਇਤਿਹਾਸਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਆਪਣੀਆਂ ਲਿਖਤਾਂ ਤੇ ਖੋਜ ਰਾਹੀਂ ਪੰਜਾਬ ਦੀ ਇਤਿਹਾਸਕਾਰੀ ਦੇ ਨਵੇਂ ਪ੍ਰਤਿਮਾਨ ਸਥਾਪਿਤ ਕੀਤੇ।
ਉਨ੍ਹਾਂ ਨੇ ਪੰਜਾਬ ਦੀ ਨਵ-ਇਤਿਹਾਸਕਾਰੀ ਲਈ ਫ਼ਾਰਸੀ ਸਰੋਤਾਂ ਤੋਂ ਇਲਾਵਾ ਪੰਜਾਬੀ ਸਾਹਿਤਕ ਲਿਖਤਾਂ ਨੂੰ ਆਧਾਰ-ਸ੍ਰੋਤਾਂ ਵਜੋਂ ਵਰਤਿਆ। ਉਨ੍ਹਾਂ ਨੇ ਪੰਜਾਬ ਦੇ ਇਤਿਹਾਸ, ਪੰਜਾਬ ਦੇ ਸਮਾਜਕ-ਸੱਭਿਆਚਾਰਕ ਸੰਦਰਭ, ਸਿੱਖ ਇਤਿਹਾਸ, ਸਿੱਖ-ਪਰੰਪਰਾਵਾਂ, ਸਿੱਖ ਰਾਜਨੀਤੀ ਦੇ ਅਨੇਕਾਂ ਪਹਿਲੂਆਂ ਬਾਰੇ ਨਵੀਆਂ ਅੰਤਰ-ਦਿ੍ਰਸ਼ਟੀਆਂ ਪ੍ਰਦਾਨ ਕੀਤੀਆਂ। ਉਨ੍ਹਾਂ ਦੀਆਂ ਮਹੱਤਵਪੂਰਨ ਪੁਸਤਕਾਂ ਹਨ: ਗੁਰੂ ਨਾਨਕ ਇੰਨ ਹਿਸਟਰੀ, ਕਨਟੈਸਟਿੰਗ ਇੰਟਰਪ੍ਰੀਸ਼ਨਜ਼ ਆਫ਼ ਸਿੱਖ ਟ੍ਰਾਡੀਸ਼ਨ, ਦੀ ਸਿੱਖਸ ਆਫ਼ ਪੰਜਾਬ, ਸੋਸ਼ਲ ਐਂਡ ਕਲਚਰਲ ਹਿਸਟਰੀ ਆਫ਼ ਪੰਜਾਬ, ਸਿੱਖ ਆਈਡੀਆ ਲੋਜੀ, ਇੰਸਟੀਚਿਊਸ਼ਨਜ਼ ਐਂਡ ਆਈਡੈਂਟਿਟੀ, ਹਿਸਟੌਰੀਕਲ ਰਾਈਟਿੰਗਜ਼ ਆਨ ਸਿੱਖਸ ਅਤੇ ਹਿਸਟੌਰੀਕਲ ਸਟੱਡੀ ਇਨ ਪੰਜਾਬੀ ਲਿਟਰੇਚਰ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਬਾਨੀ ਮੁਖੀ ਅਤੇ ਵਾਈਸ ਚਾਂਸਲਰ ਰਹੇ। ਉਨ੍ਹਾਂ ਦੀਆਂ ਸਿੱਖਿਆ ਤੇ ਇਤਿਹਾਸਕਾਰੀ ਸੰਬੰਧੀ ਸੇਵਾਵਾਂ ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ‘ਪਦਮਸ਼੍ਰੀ’ ਨਾਲ ਨਿਵਾਜਿਆ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਡਾ. ਜੇ.ਐਸ. ਗਰੇਵਾਲ ਦੇ ਅਕਾਲ ਚਲਾਣੇ ਉੱਪਰ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਡਾ. ਗਰੇਵਾਲ ਜੀ ਦੇ ਵਿਛੋੜੇ ਨਾਲ ਪੰਜਾਬ ਨੂੰ ਲਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।