
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਪੀਏ ’ਤੇ ਹੋਇਆ ਹਮਲਾ
ਲੁਧਿਆਣਾ, 12 ਅਗੱਸਤ (ਸਹਿਗਲ) : ਲੁਧਿਆਣਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ’ਤੇ ਹਮਲਾ ਹੋਇਆ ਹੈ। ਇਹ ਹਮਲਾ ਲੁਧਿਆਣਾ-ਫ਼ਿਰੋਜ਼ਪੁਰ ਰੋਡ ’ਤੇ ਸਥਿਤ ਇਆਲੀ ਚੌਕ ਨੇੜੇ ਹੋਇਆ। ਇਸ ਹਮਲੇ ਵਿਚ ਢੀਂਡਸਾ ਦੇ ਸਿਰ ਅਤੇ ਲੱਤਾਂ ’ਤੇ ਕੁੱਝ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਦੇ ਸਿਰ ਅਤੇ ਕੂਹਣੀ ’ਤੇ ਟਾਂਕੇ ਵੀ ਲੱਗੇ ਹਨ। ਢੀਂਡਸਾ ਇਕ ਨਿਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਲੁਧਿਆਣਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਦੇ ਸਹਿਯੋਗੀ ਰਾਜੀਵ ਰਾਜਾ ਨੇ ਦਸਿਆ ਕਿ ਇਹ ਹਮਲਾ ਸਵੇਰੇ ਸਾਢੇ 9 ਵਜੇ ਦੇ ਕਰੀਬ ਹੋਇਆ। ਉਨ੍ਹਾਂ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਵੀ ਸਵਾਲ ਉਠਾਏ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਰਾਭਾ ਨਗਰ ਦੇ ਐਸਐਚਓ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਦਹਿਲ ਨੇ ਦਸਿਆ ਕਿ ਉਹ ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੇ ਹਨ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਹਮਲਾਵਰ ਕੌਣ ਸਨ ਅਤੇ ਹਮਲਾ ਕਿਉਂ ਕੀਤਾ ਗਿਆ।
Ldh_Sehgal_12_04