
ਇਹ ਸਕੀਮ ਸੂਬੇ ਭਰ ਦੇ 2012 ਸਕੂਲਾਂ ਵਿਚ ਸ਼ੁਰੂ ਹੋਵੇਗੀ
ਲੁਧਿਆਣਾ : ਸਰਕਾਰੀ ਸਕੂਲਾਂ ਵਿਚ ਪੰਜਾਬ ਸਰਕਾਰ ਵੱਲੋਂ ਚੌਕੀਦਾਰ ਰੱਖਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਫ਼ੈਸਲਾ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆ ਗਿਆ ਹੈ। ਫਿਲਹਾਲ ਇਹ ਸਕੀਮ ਸੂਬੇ ਭਰ ਦੇ 2012 ਸਕੂਲਾਂ ਵਿਚ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਬਾਕੀ ਸਕੂਲਾਂ ਨੂੰ ਵੀ ਇਸ ਸਕੀਮ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ।
ਪ੍ਰਿੰਸੀਪਲਾਂ ਨੇ ਵੀ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਸ਼ਾਹਪੁਰ ਸਮਾਰਟ ਸਕੂਲ ਦੇ ਪ੍ਰਿੰਸੀਪਲ ਡਾ. ਦਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਦੇ ਕੀਮਤੀ ਸਮਾਨ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਜੋ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ, ਉਹ ਕਰਕੇ ਦਿਖਾ ਦਿੱਤਾ ਹੈ।
ਸਕੂਲਾਂ ਦੀ ਗਿਣਤੀ 2012 ਦੀ ਹੈ ਜਿਸ ਵਿਚ ਲੁਧਿਆਣਾ ਦੇ 189 ਸਕੂਲ ਸ਼ਾਮਲ ਹਨ। ਇਸ ਸਕੀਮ ਤਹਿਤ ਸਕੂਲ ਦੇ ਚੌਕੀਦਾਰ ਦਾ ਪ੍ਰਬੰਧ ਸਕੂਲ ਪ੍ਰਬੰਧਕ ਕਮੇਟੀਆਂ ਰਾਹੀਂ ਕੀਤਾ ਜਾਵੇਗਾ, ਜਿਸ ਲਈ ਵਿਭਾਗ ਵੱਲੋਂ ਸਕੂਲ ਨੂੰ ਚੌਕੀਦਾਰ ਲਈ 5000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਚੌਕੀਦਾਰ ਦਾ ਕੰਮ ਤਸੱਲੀਬਖਸ਼ ਨਾ ਹੋਇਆ ਤਾਂ ਸਕੂਲ ਪ੍ਰਬੰਧਕ ਕਮੇਟੀਆਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਚੌਕੀਦਾਰ ਦੀਆਂ ਸੇਵਾਵਾਂ ਖ਼ਤਮ ਕਰ ਦੇਣਗੀਆਂ ਅਤੇ ਨਵਾਂ ਚੌਂਕੀਦਾਰ ਦਾ ਪ੍ਰਬੰਧ ਕੀਤਾ ਜਾਵੇਗਾ।