Mohali News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੋਹਾਲੀ ਤੋਂ ਮੋਬਾਈਲ ICTC ਵੈਨ ਦੀ ਕੀਤੀ ਸ਼ੁਰੂਆਤ
Published : Aug 13, 2024, 7:05 pm IST
Updated : Aug 13, 2024, 7:05 pm IST
SHARE ARTICLE
Health Minister Dr. Balbir Singh
Health Minister Dr. Balbir Singh

ਪੰਜਾਬ 'ਚ ਐੱਚਆਈਵੀ/ਏਡਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਿੱਖਿਅਤ ਕਰਨ ਲਈ ਮੁਹਿੰਮ ਤੇਜ਼

Mohali News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਮੰਗਲਵਾਰ ਨੂੰ ਐੱਚ.ਆਈ.ਵੀ./ਏਡਜ਼ ਵਿਰੁੱਧ ਲੜਾਈ ਨੂੰ ਹੋਰ ਤੇਜ਼ ਕਰਦੇ ਹੋਏ ਪ੍ਰਭਾਵੀ ਇਲਾਜ ਨੂੰ ਯਕੀਨੀ ਬਣਾਉਣ ਲਈ ਹਰੇਕ ਸੰਕਰਮਿਤ ਵਿਅਕਤੀ ਨੂੰ ਐਂਟੀ-ਰੇਟਰੋ ਵਾਇਰਲ ਥੈਰੇਪੀ 'ਤੇ ਪਾਉਣ ਲਈ ਲੋਕਾਂ ਤੱਕ ਪਹੁੰਚਣ ਲਈ ਟੈਸਟਿੰਗ ਅਤੇ ਜਾਗਰੂਕਤਾ ਲਈ ਵਿਆਪਕ ਮੁਹਿੰਮ ਆਰੰਭ ਕੀਤੀ।

ਅੱਜ ਮੋਹਾਲੀ ਵਿੱਚ ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ (ਜੀ.ਜੇ.ਆਈ.ਐਮ.ਟੀ.) ਤੋਂ ਏਕੀਕ੍ਰਿਤ ਕਾਉਂਸਲਿੰਗ ਅਤੇ ਟੈਸਟਿੰਗ ਸੈਂਟਰ ਦੀ ਮੋਬਾਈਲ ਵੈਨ ਦੀ ਸ਼ੁਰੂਆਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਵੈਨ ਰਾਜ ਭਰ ਵਿੱਚ ਐੱਚਆਈਵੀ/ਏਡਜ਼ ਦੀ ਜਾਂਚ ਕਰਨ ਲਈ ਟੈਸਟ ਕਰਵਾਉਣ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕੰਮ ਕਰ ਰਹੀ ਮੌਜੂਦਾ ਆਈ.ਸੀ.ਟੀ.ਸੀ. ਦੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਸਾਰੀਆਂ ਗਤੀਵਿਧੀਆਂ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਤਾਲਮੇਲ ਨਾਲ ਕੀਤੀਆਂ ਜਾ ਰਹੀਆਂ ਹਨ।

ਐਚ.ਆਈ.ਵੀ./ਏਡਜ਼ ਵਿਰੁੱਧ ਲੜਾਈ ਵਿੱਚ ਨਿਰੰਤਰ ਸਿੱਖਿਆ ਅਤੇ ਜਾਗਰੂਕਤਾ ਦੀ ਅਹਿਮ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਚ ਰਾਸ਼ਟਰੀ ਔਸਤ ਨਾਲੋਂ ਕੇਸਾਂ ਦੀ ਵੱਧ ਗਿਣਤੀ ਇਸ ਲਈ ਹੈ ਕਿਉਂਕਿ ਰਾਜ ਵਿੱਚ ਟੈਸਟਾਂ ਦੀ ਦਰ ਵੱਧ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਐਚਆਈਵੀ, ਹੈਪੇਟਾਈਟਸ ਬੀ ਅਤੇ ਸੀ, ਜਿਨਸੀ ਸੰਚਾਰਿਤ ਬਿਮਾਰੀਆਂ ਅਤੇ ਤਪਦਿਕ ਦੇ ਫੈਲਣ ਨੂੰ ਰੋਕਣ ਲਈ ਰਾਜ ਦੁਆਰਾ ਜੇਲ੍ਹਾਂ ਆਦਿ ਵਿੱਚ ਇੱਕ ਵਿਲੱਖਣ ਪਹਿਲਕਦਮੀ ਕੀਤੀ ਗਈ ਸੀ ਜੋ ਪੀੜਤ ਵਿਅਕਤੀਆਂ ਨੂੰ ਇਲਾਜ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਈ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਜੇਲ੍ਹਾਂ ਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੇ 100 ਫੀਸਦੀ ਟੈਸਟ ਕੀਤੇ ਗਏ ਸਨ।

ਸਿਹਤ ਮੰਤਰੀ ਨੇ ਕਿਹਾ ਕਿ ਅੱਜ ਸ਼ੁਰੂ ਕੀਤੀ ਗਈ ਮੁਹਿੰਮ 10 ਅਕਤੂਬਰ ਤੱਕ ਜਾਰੀ ਰਹੇਗੀ ਅਤੇ ਟੈਸਟਿੰਗ ਵੈਨ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਕੋਨੇ-ਕੋਨੇ ਤੱਕ ਪਹੁੰਚ ਕੇ ਐਚ.ਆਈ.ਵੀ./ਏਡਜ਼ ਦੀ ਜਾਂਚ ਲਈ ਮੁਫ਼ਤ ਸੈਂਪਲ ਦੇਣ ਦੀ ਸਹੂਲਤ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਲੋਕਾਂ ਨੂੰ ਇਨ੍ਹਾਂ ਜਿਨਸੀ ਰੋਗਾਂ ਤੋਂ ਸੁਚੇਤ ਰੱਖਣ ਲਈ ਆਈ ਈ ਸੀ (ਜਾਗਰੂਕਤਾ) ਸਮੱਗਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਨੁੱਕੜ ਨਾਟਕ ਵੀ ਕਰਵਾਏ ਜਾਣਗੇ।

ਇਸ ਤੋਂ ਪਹਿਲਾਂ ਗਿਆਨ ਜੋਤੀ ਇੰਸਟੀਚਿਊਟ ਤੋਂ ਏਡਜ਼/ਐਚਆਈਵੀ ਦੀ ਰੋਕਥਾਮ ਸਬੰਧੀ ਜਾਗਰੂਕਤਾ ਫੈਲਾਉਣ ਲਈ ਰੈੱਡ ਰਨ ਮੈਰਾਥਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਬਠਿੰਡਾ, ਫਿਰੋਜ਼ਪੁਰ, ਜਲੰਧਰ ਅਤੇ ਗੁਰਦਾਸਪੁਰ ਵਿੱਚ ਵੀ ਜਾਗਰੂਕਤਾ ਪੈਦਾ ਕਰਨ ਲਈ ਅਜਿਹੀਆਂ ਰੈੱਡ ਰਨ ਮੈਰਾਥਨ ਉਲੀਕੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਲਗਭਗ 700 ਕਾਲਜਾਂ ਅਤੇ 6337 ਸਕੂਲਾਂ ਵਿੱਚ ਰੈੱਡ ਰਿਬਨ ਕਲੱਬ ਹਨ ਤਾਂ ਜੋ ਵਿਦਿਆਰਥੀਆਂ ਨੂੰ ਐੱਚ.ਆਈ.ਵੀ./ਏਡਜ਼ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਕਿਸ਼ੋਰ ਉਮਰ ਦੌਰਾਨ ਸਰੀਰਕ ਵਿਕਾਸ ਅਤੇ ਬਦਲਾਅ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਹ ਰੈੱਡ ਰਿਬਨ ਕਲੱਬ ਪੰਜਾਬ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਹਨ।

ਸਿਹਤ ਮੰਤਰੀ ਨੇ ਰੈੱਡ ਰਨ ਮੈਰਾਥਨ ਦੇ 200 ਭਾਗੀਦਾਰਾਂ ਵਿੱਚ ਜੇਤੂਆਂ ਨੂੰ ਇਨਾਮ ਵੀ ਵੰਡੇ ਜਿਨ੍ਹਾਂ ਵਿੱਚ ਵਿਦਿਆਰਥਣਾਂ ਸ਼ਨਵੀਰ ਕੌਰ (ਪਹਿਲਾ), ਬਬੀਤਾ ਕੁਮਾਰੀ (ਦੂਜਾ) ਅਤੇ ਮਨਪ੍ਰੀਤ ਕੌਰ (ਤੀਸਰਾ) ਅਤੇ ਪੁਰਸ਼ ਵਿਦਿਆਰਥੀ ਮੁਕੇਸ਼ ਸਿੰਘ ਰਾਣਾ (ਪਹਿਲਾ), ਉੱਤਮ ਕੁਮਾਰ (ਦੂਜਾ) ਅਤੇ ਵਿਕਾਸ (ਤੀਜਾ) ਸ਼ਾਮਲ ਸਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਸਿਹਤ-ਕਮ-ਪ੍ਰੋਜੈਕਟ ਡਾਇਰੈਕਟਰ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵਰਿੰਦਰ ਕੁਮਾਰ ਸ਼ਰਮਾ, ਡਾਇਰੈਕਟਰ ਪਰਿਵਾਰ ਭਲਾਈ ਪੰਜਾਬ ਡਾ. ਰਮਨ ਸ਼ਰਮਾ, ਐਸ.ਡੀ.ਐਮ ਮੋਹਾਲੀ ਦੀਪਾਂਕਰ ਗਰਗ, ਵਧੀਕ ਪ੍ਰੋਜੈਕਟ ਡਾਇਰੈਕਟਰ ਪੀ.ਐਸ.ਏ.ਸੀ.ਐਸ ਡਾ. ਬੌਬੀ ਗੁਲਾਟੀ, ਕਾਰਜਕਾਰੀ ਸਿਵਲ ਸਰਜਨ ਡਾ. ਗਿਰੀਸ਼ ਡੋਗਰਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ, ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਅਤੇ ਡਾਇਰੈਕਟਰ ਡਾ. ਅਨੀਤ ਬੇਦੀ ਮੌਜੂਦ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement