Punjab News: ਮੁੰਧੋ ਸੰਗਤੀਆਂ ਦਾ ਮਾਮਲਾ ਹਾਈ ਕੋਰਟ ਪੁੱਜਾ
Punjab News: ਮੁਹਾਲੀ ਦੇ ਪਿੰਡ ਮੂੰਧੋ ਸੰਗਤੀਆਂ ਵਿਖੇ ਯੂਪੀ ਤੇ ਬਿਹਾਰ ਆਦਿ ਦੇ ਵਸੇ ਪ੍ਰਵਾਸੀ ਮਜ਼ਦੂਰਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਏ ਜਾਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਹੈ। ਵਕੀਲ ਅੰਗਰੇਜ ਸਿੰਘ ਸਰਵਾਰਾ ਤੇ ਵੈਭਵ ਵਤਸ ਨੇ ਲੋਕਹਿਤ ਪਟੀਸ਼ਨ ਦਾਖ਼ਲ ਕਰ ਕੇ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਹੈ ਕਿ ਪਿੰਡ ਦੀ ਗ੍ਰਾਮ ਪੰਚਾਇਤ ਨੇ ਇਕ ਮਤਾ ਪਾਸ ਕਰ ਕੇ ਪ੍ਰਵਾਸੀ ਮਜ਼ਦੂਰਾਂ ਦੇ ਪਿੰਡ ਵਿਚ ਰਹਿਣ ’ਤੇ ਪਾਬੰਦੀ ਲਗਾ ਦਿਤੀ ਹੈ ਤੇ ਸਾਂਝੇ ਤੇ ਜਨਤਕ ਵਸੀਲੇ ਤੇ ਸਰੋਤਾਂ ਦੀ ਵਰਤੋਂ ਤੋਂ ਇਲਾਵਾ ਦੁਕਾਨਾਂ ਤੋਂ ਸਮਾਨ ਲੈਣ ਤੋਂ ਵੀ ਵਰਜ ਦਿਤਾ ਹੈ ਤੇ ਇਹ ਪੰਚਾਇਤੀ ਫਰਮਾਨ ਪਿੰਡ ਦੇ ਲੰਬੜਦਾਰ ਨੇ ਉਨ੍ਹਾਂ ਸਾਰਿਆਂ ਤਕ ਪਹੁੰਚਾ ਦਿਤਾ ਹੈ।
ਇਹ ਵੀ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਹੈ ਕਿ ਸਰਗਰਮ ਆਗੂ ਲੱਖਾ ਸਿਧਾਣਾ ਨੇ ਪਿੰਡ ਦੇ ਇਸ ਫ਼ੈਸਲੇ ਦੀ ਹਮਾਇਤ ਕੀਤੀ ਹੈ। ਕਿਹਾ ਹੈ ਕਿ ਇਸ ਫਰਮਾਨ ਨਾਲ 300 ਪ੍ਰਵਾਸੀਆਂ ’ਤੇ ਅਸਰ ਪਵੇਗਾ ਤੇ ਅਜਿਹਾ ਕੀਤਾ ਜਾਣਾ ਗ਼ਲਤ ਹੈ, ਲਿਹਾਜਾ ਇਹ ਫੁਰਮਾਨ ਰੱਦ ਕੀਤਾ ਜਾਣਾ ਚਾਹੀਦਾ ਹੈ। ਇਹ ਵੀ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਹੈ ਕਿ ਉਕਤ ਫਰਮਾਨ ਬਾਰੇ ਖ਼ਬਰ ਪ੍ਰਕਾਸ਼ਤ ਹੋਈ ਹੈ ਤੇ ਇਕ ਖਬਰ ਮੁਤਾਬਕ ਪ੍ਰਵਾਸੀਆਂ ਨੂੰ ਪਿੰਡ ਖਾਲੀ ਕਰਨ ਲਈ ਕਹਿ ਦਿਤਾ ਗਿਆ ਹੈ। ਕਿਹਾ ਕਿ ਇਸ ਬਾਰੇ ਸਰਕਾਰ ਨੂੰ ਬੇਨਤੀ ਵੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ, ਲਿਹਾਜਾ ਪਟੀਸ਼ਨ ਦਾਖ਼ਲ ਕਰਨੀ ਪਈ।
ਹਾਈ ਕੋਰਟ ਨੂੰ ਇਸ ਮਾਮਲੇ ਵਿਚ ਦਖ਼ਲ ਅੰਦਾਜੀ ਕਰ ਕੇ ਢੁੱਕਵੀਂ ਹਦਾਇਤ ਕਰਨ ਦੀ ਬੇਨਤੀ ਕੀਤੀ ਗਈ। ਹਾਈ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਕਰਦਿਆਂ ਕਿਹਾ ਹੈ ਕਿ ਇਹ ਪਟੀਸ਼ਨ ਖਬਰਾਂ ਦੇ ਅਧਾਰ ’ਤੇ ਦਾਖ਼ਲ ਕੀਤੀ ਗਈ ਹੈ। ਇਸੇ ਕਾਰਨ ਹਾਈ ਕੋਰਟ ਨੇ ਅਜੇ ਕੋਈ ਨੋਟਿਸ ਜਾਰੀ ਨਹੀਂ ਕੀਤਾ ਹੈ ਤੇ ਸਰਕਾਰੀ ਵਕੀਲ ਨੂੰ ਕਿਹਾ ਹੈ ਕਿ ਇਸ ਮਾਮਲੇ ਵਿਚ ਜਾਣਕਾਰੀ ਲੈ ਕੇ ਰਿਪੋਰਟ ਦਿਤੀ ਜਾਵੇ। ਜ਼ਿਕਰਯੋਗ ਹੈ ਕਿ ਪਿੰਡ ਮੂੰਧੋ ਸੰਗਤੀਆਂ ਦਾ ਇਹ ਮਾਮਲਾ ਖਾਸੀ ਚਰਚਾ ਵਿਚ ਹੈ ਤੇ ਜਿਥੇ ਸਥਾਨਕ ਲੋਕ ਪੰਚਾਇਤ ਦੇ ਇਸ ਫ਼ੈਸਲੇ ਦਾ ਸੁਆਗਤ ਕਰ ਰਹੇ ਹਨ, ਉਥੇ ਪ੍ਰਵਾਸੀ ਮਜ਼ਦੂਰਾਂ ਵਿਚ ਨਮੋਸ਼ੀ ਹੈ।