
ਮੰਗਾਂ ਪੂਰੀਆਂ ਹੋਣ ਉਪਰੰਤ ਆਸ਼ਾ ਵਰਕਰਾਂ ਦੀ ਹੜਤਾਲ ਸਮਾਪਤ
ਚੰਡੀਗੜ੍ਹ, 12 ਸਤੰਬਰ (ਗੁਰਉਪਦੇਸ਼ ਸਿੰਘ ਭੁੱਲਰ) : ਅੱਜ ਇਥੇ ਆਸ਼ਾ ਵਰਕਰਾਂ ਦੀ ਪੰਜਾਬ ਵਿਚ 31 ਅਗੱਸਤ ਤੋਂ ਚੱਲ ਰਹੀ ਮੁਕੰਮਲ ਹੜਤਾਲ ਸਬੰਧੀ ਸਿਹਤ ਤੇ ਲੇਬਰ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨਾਲ ਮੁਲਾਜ਼ਮ ਜਥੇਬੰਦੀਆਂ ਦੀ ਮੰਤਰੀ ਦੀ ਕੋਠੀ ਤੇ 12.30 ਵਜੇ ਮੀਟਿੰਗ ਹੋਈ ਜਿਸ ਵਿਚ ਬਲਬੀਰ ਸਿੰਘ ਸਿੱਧੂ ਸਿਹਤ ਤੇ ਲੇਬਰ ਮੰਤਰੀ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ। ਮੁਲਾਜ਼ਮ ਜਥੇਬੰਦੀਆਂ ਦੇ ਮੁੱਖ ਆਗੂ ਸੱਜਨ ਸਿੰਘ, ਪੈਨਸ਼ਨਰਾਂ ਦੇ ਮੁੱਖ ਆਗੂ ਗੁਰਮੇਲ ਸਿੰਘ ਮੈਂਡਲੇ, ਕਲਾਸ ਫੋਰ ਯੂਨੀਅਨ ਦੇ ਮੁੱਖ ਆਗੂ ਕ੍ਰਿਸ਼ਨ ਪ੍ਰਸਾਦ, ਆਸ਼ਾ ਵਰਕਰ ਪੰਜਾਬ ਦੀਆਂ ਮੁੱਖ ਆਗੂ ਜੀਤ ਕੌਰ ਦਾਦ ਆਦਿ ਆਗੂ ਵੀ ਸ਼ਾਮਲ ਸਨ। ਸੋਸ਼ਲ ਮੀਡੀਏ ਉਤੇ ਆਸ਼ਾ ਵਰਕਰਾਂ ਵਿਰੁਧ ਇਕ ਵਿਅਕਤੀ ਵਲੋਂ ਕੀਤੇ ਗਏ ਗ਼ਲਤ ਅਤੇ 100 ਫ਼ੀ ਸਦੀ ਝੂਠੇ ਪ੍ਰਚਾਰ ਨੂੰ ਸਾਫ਼ ਕਰਨ ਲਈ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਜੋ ਮੰਤਰੀ ਨੇ ਮੰਨ ਲਈ। ਮੰਤਰੀ ਨੇ ਕਿਹਾ ਕਿ ਆਸ਼ਾ ਵਰਕਰਾਂ ਠੀਕ ਤੇ ਵਧੀਆ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਹੜਤਾਲ ਸਮਾਪਤ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਮੰਤਰੀ ਨੇ ਹੋਰ ਮੰਗਾਂ ਵੀ ਮੰਨ ਲਈਆਂ ਹਨ ਜਿਸ ਕਾਰਨ ਆਸ਼ਾ ਵਰਕਰਾਂ ਨੇ ਅਪਣੀ ਹੜਤਾਲ ਸਮਾਪਤ ਕਰ ਦਿਤੀ ਹੈ। ਮੰਨੀਆਂ ਗਈਆਂ ਮੰਗਾਂ ਵਿਚ 1500 ਰੁ: ਪ੍ਰਤੀ ਮਹੀਨਾ ਆਸ਼ਾ ਵਰਕਰਾਂ ਦਾ ਛੇਤੀ ਬਹਾਲ ਹੋ ਜਾਵੇਗਾ ਤੇ ਜਿਨ੍ਹਾਂ ਆਸ਼ਾ ਵਰਕਰਾਂ ਦੀ ਕਰੋਨਾ ਨਾਲ ਮੌਤ ਹੋਈ ਹੈ ਉਨ੍ਹਾਂ ਨੂੰ 50 ਲੱਖ ਰੁਪਿਆ ਕਰੋਨਾ ਯੋਧਾ ਮੰਨ ਕੇ ਦਿਤਾ ਜਾਵੇਗਾ, ਜਿਸ ਆਸ਼ਾ ਵਰਕਰ ਨੂੰ ਕੋਰੋਨਾ ਹੋਇਆ ਹੈ ਉਸ ਨੂੰ 10000 ਰੁ: ਸਹਾਇਤਾ ਤੇ ਫਰੀ ਇਲਾਜ ਕੀਤਾ ਜਾਵੇਗਾ। ਮਾਛੀਵਾੜੇ ਦੀ ਆਸ਼ਾ ਵਰਕਰ ਜੋ ਐਕਸੀਡੈਂਟ ਕਾਰਨ ਕੌਮਾ ਵਿਚ ਚੱਲ ਰਹੀ ਹੈ ਉਸ ਦਾ ਸਾਰਾ ਖ਼ਰਚਾ ਸਰਕਾਰ ਚੁੱਕੇਗੀ, ਫਾਜ਼ਿਲਕਾ ਅਤੇ ਲੁਧਿਆਣੇ ਤੋਂ ਜੋ ਆਸ਼ਾ ਵਰਕਰ ਹਟਾਈਆਂ ਗਈਆਂ ਹਨ ਉਨ੍ਹਾਂ ਨੂੰ ਤੁਰਤ ਡਿਊਟੀ ਤੇ ਵਾਪਸ ਲਿਆ ਜਾਵੇਗਾ। ਅਬੋਹਰ ਹਸਪਤਾਲ ਵਿੱਚੋਂ ਜੋ 5 ਕਲਾਸ ਫੋਰ ਕਰਮਚਾਰੀ ਨੌਕਰੀ ਤੋਂ ਹਟਾਏ ਗਏ ਸਨ ਉਨ੍ਹਾਂ ਨੂੰ ਤੁਰਤ ਡਿਊਟੀ ਤੇ ਵਾਪਸ ਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਮੰਗਾਂ ਵੀ ਮੰਨ ਲਈਆਂ ਗਈਆਂ ਹਨ।