
ਹਾਲਾਤ 'ਤੇ ਕਾਬੂ ਨਹੀਂ ਪਾ ਸਕਦੇ ਤਾਂ ਕੁਰਸੀ ਛੱਡਣ ਮੁੱਖ ਮੰਤਰੀ : ਹਰਪਾਲ ਚੀਮਾ
ਚੰਡੀਗੜ੍ਹ, 12 ਸਤੰਬਰ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ 'ਚ ਕੋਰੋਨਾ ਦੇ ਦਿਨ-ਬ-ਦਿਨ ਵਧਦੇ ਜਾ ਰਹੇ ਕਹਿਰ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧਾ ਜ਼ਿੰਮੇਵਾਰ ਦਸਦਿਆ ਕਿਹਾ ਕਿ ਜੇਕਰ ਫ਼ਾਰਮ ਹਾਊਸ 'ਚੋਂ ਨਿਕਲ ਕੇ ਬੇਕਾਬੂ ਹੋਏ ਹਲਾਤਾਂ ਨੂੰ ਸੁਧਾਰਨ ਦੀ ਸਮਰੱਥਾ ਨਹੀਂ ਰਹੀ ਤਾਂ 'ਰਾਜਾ ਸਾਹਿਬ' ਨੂੰ ਮੁੱਖ ਮੰਤਰੀ ਦੀ ਕੁਰਸੀ ਤੁਰਤ ਛੱਡ ਦੇਣੀ ਚਾਹੀਦੀ ਹੈ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ 'ਲੋਕਾਂ ਦੀ ਅਣਗਿਹਲੀ' ਦੱਸ ਕੇ ਮੁੱਖ ਮੰਤਰੀ ਅਪਣੀਆਂ ਨਾਕਾਮੀਆਂ-ਅਤੇ ਨਲਾਇਕੀਆਂ ਦੇ ਪਰਦਾ ਨਹੀਂ ਪਾ ਸਕਦੇ। ਹਰਪਾਲ ਸਿੰਘ ਚੀਮਾ ਨੇ ਦਿੱਲੀ ਅਤੇ ਪੰਜਾਬ ਦੇ ਤੁਲਨਾਤਮਕ ਅੰਕੜੇ ਪੇਸ਼ ਕਰਦਿਆਂ ਕਿਹਾ, 11 ਸਤੰਬਰ ਨੂੰ ਦਿੱਲੀ 'ਚ 60580 ਅਤੇ ਪੰਜਾਬ 'ਚ ਸਿਰਫ਼ 33595 ਟੈਸਟ ਹੋਏ। ਜਿੰਨਾ ਦੀ ਕੋਰੋਨਾ ਪਾਜੇਟਿਵ ਦਰ ਦਿੱਲੀ 'ਚ 7.0 ਫ਼ੀ ਸਦੀ ਅਤੇ ਪੰਜਾਬ 'ਚ 7.3 ਫ਼ੀ ਸਦੀ ਰਹੀ। ਦਿੱਲੀ 'ਚ ਰਿਕਵਰੀ (ਠੀਕ ਹੋਣ) ਦੀ ਦਰ 84.90 ਫ਼ੀ ਸਦੀ ਅਤੇ ਪੰਜਾਬ 71.40 ਫ਼ੀ ਸਦੀ ਰਹੀ। ਦਿੱਲੀ 'ਚ 11 ਸਤੰਬਰ ਨੂੰ 21 ਮੌਤਾਂ ਹੋਈਆਂ ਜਦਕਿ ਪੰਜਾਬ 'ਚ ਇਹ ਗਿਣਤੀ 63 ਤਕ ਪਹੁੰਚ ਗਈ। ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਕੋਵਿਡ ਬੈਡਾਂ ਦੀ ਸੰਖਿਆ 14379 ਅਤੇ ਪੰਜਾਬ 'ਚ ਇਹ 8874 ਹੈ। ਦਿੱਲੀ 'ਚ ਵਿਸ਼ੇਸ਼ ਕੋਵਿਡ ਹੈਲਥ ਸੈਂਟਰਾਂ ਦੀ ਗਿਣਤੀ 601 ਹੈ ਜਦਕਿ ਪੰਜਾਬ ਸਰਕਾਰ ਅਜਿਹਾ ਇਕ ਵੀ ਸੈਂਟਰ ਸਥਾਪਤ ਨਹੀਂ ਕਰ ਸਕੀ।