
ੰਮਹਿੰਦਰਪਾਲ ਸਿੰਘ, ਲਵਪ੍ਰੀਤ ਸਿੰਘ ਤੇ ਗੁਰਤੇਜ ਸਿੰਘ ਨੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਭੁਗਤੀ ਪੇਸ਼ੀ
to
ਨਵੀਂ ਦਿੱਲੀ 12 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਪੈਸ਼ਲ ਸੈਲ ਦੀ ਪੁਲਿਸ ਵਲੋਂ ਲੰਗਰ ਦੀ ਸੇਵਾ ਕਰਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਉਤੇ ਸੰਗੀਨ ਧਾਰਾਵਾਂ ਲੱਗਾ ਕੇ ਦਿੱਲੀ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਕੀਤਾ ਗਿਆ ਹੈ। ਭੇਜੀ ਗਈ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਬੀਤੇ ਦਿਨੀਂ ਮਹਿੰਦਰਪਾਲ ਸਿੰਘ, ਲਵਪ੍ਰੀਤ ਸਿੰਘ ਤੇ ਗੁਰਤੇਜ ਸਿੰਘ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਹਿੰਦਰਪਾਲ ਸਿੰਘ ਤਿਹਾੜ ਜੇਲ ਦੀ 8 ਨੰਬਰ, ਲਵਪ੍ਰੀਤ ਸਿੰਘ ਤੇ ਗੁਰਤੇਜ ਸਿੰਘ ਨੂੰ ਮੰਡੋਲੀ ਦੇ ਜੇਲ 'ਚ ਬੰਦ ਕੀਤਾ ਗਿਆ ਹੈ।
ਅਦਾਲਤ ਨੂੰ ਦਸਿਆ ਗਿਆ ਕਿ ਮਾਮਲੇ ਦੀ ਤਹਕੀਕਾਤ ਪੂਰੀ ਨਹੀਂ ਹੋਈ ਹੈ ਤੇ ਸਰਕਾਰ ਵਲੋਂ ਵੀ ਹਾਲੇ ਕਿਸੇ ਕਿਸਮ ਦੇ ਆਦੇਸ਼ ਜਾਰੀ ਨਹੀ ਹੋਏ ਹਨ। ਇਸ ਕਰਕੇ ਸਾਨੂੰ 90 ਦਿਨਾਂ ਦੀ ਹੋਰ ਮੋਹਲਤ ਦਿਤੀ ਜਾਵੇ ਤੇ ਮਾਮਲੇ 'ਚ ਨਾਮਜ਼ਦ ਸਿੰਘਾਂ ਦੀ ਜੇਲ ਦੀ ਸਜ਼ਾ ਵਧਾ ਦਿਤੀ ਜਾਵੇ। ਭੇਜੀ ਜਾਣਕਾਰੀ ਮੁਤਾਬਕ ਸਿੰਘਾਂ ਵਲੋਂ ਪੇਸ਼ ਹੋਏ ਵਕੀਲ ਪਰਮਜੀਤ ਸਿੰਘ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਆਈ.ਓ ਵਲੋਂ ਦੱਸੇ ਤਥਾਂ ਦੇ ਆਧਾਰ ਉਤੇ ਇਨ੍ਹਾਂ ਨੂੰ ਹੋਰ ਮੋਹਲਤ ਦਿਤੀ ਜਾਂਦੀ ਹੈ ਤਾਂ ਬੰਦੀਆਂ ਨੂੰ ਤੁਰਤ ਜ਼ਮਾਨਤ ਦਿਤੀ ਜਾਣੀ ਚਾਹੀਦੀ ਹੈ।
ਜ਼ਮਾਨਤ ਸਬੰਧੀ ਜੱਜ ਸਾਹਿਬ ਨੇ ਕਿਹਾ ਕਿ ਦਾਖ਼ਲ ਅਪੀਲ 'ਚ ਇਸ ਦੇ ਨਾਲ ਹੋਰ ਅਧਾਰ ਦਸੇ ਗਏ ਹਨ ਜਿਸ ਕਰ ਕੇ ਅਸੀਂ ਅਜੇ ਜ਼ਮਾਨਤ ਦੀ ਅਪੀਲ ਨਹੀ ਲੈ ਸਕਦੇ ਹਾਂ ਜਿਸ ਬਾਰੇ ਫ਼ੈਸਲਾ ਅੱਜ ਸ਼ਾਮ ਤਕ ਤੁਹਾਨੂੰ ਮਿਲ ਜਾਵੇਗਾ। ਵਕੀਲ ਪਰਮਜੀਤ ਸਿੰਘ ਨੇ ਅਦਾਲਤ ਨੂੰ ਦਸਿਆ ਕਿ ਧਾਰਾ (43-ਡੀ) ਤਹਿਤ ਮਾਮਲੇ ਦੀ ਤਹਕੀਕਾਤ ਕਰ ਰਹੇ ਆਈ.ਓ ਕੋਲ ਕੋਈ ਅਧਿਕਾਰ ਨਹੀ ਹੈ ਕਿ ਉਹ ਜਮਾਨਤ ਮਾਮਲੇ 'ਚ ਵਾਧੂ ਸਮਾ— ਮੰਗ ਸਕੇ, ਜਦਕਿ ਸਰਕਾਰੀ ਵਕੀਲ ਆਈ.ਓ ਕੋਲੋਂ ਪੁੱਛ ਕੇ ਇਕ ਰਿਪੋਰਟ ਪੇਸ਼ ਕਰ ਸਕਦਾ ਹੈ ਕਿ ਅਦਾਲਤ 'ਚ ਮਾਮਲੇ ਦੀ ਚਾਰਜਸ਼ੀਟ ਕਿਉਂ ਨਹੀਂ ਪੇਸ਼ ਕੀਤੀ ਗਈ। ਮਾਮਲੇ ਨਾਲ ਸੰਬੰਧਤ ਅਗਲੀ ਕੋਈ ਤਰੀਕ ਜਾਰੀ ਨਹੀਂ ਕੀਤੀ ਗਈ।
ਜੱਜ ਸਾਹਿਬ ਨੇ ਮਾਮਲੇ ਨਾਲ ਸੰਬੰਧਤ ਅਗਲੀ ਕੋਈ ਤਰੀਕ ਜਾਰੀ ਨਹੀ ਕੀਤੀ: ਵਕੀਲ ਪਰਮਜੀਤ ਸਿੰਘ