
ਬਿਜਲੀ ਵਿਭਾਗ ਦੇ ਮੁਲਾਜ਼ਮ ਵਲੋਂ ਫਾਹਾ ਲਗਾ ਕੇ ਕੀਤੀ ਆਤਮ ਹਤਿਆ
ਗੁਰਾਇਆ, 12 ਸਤੰਬਰ (ਸਤਪਾਲ ਸਿੰਘ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਵਿਚ ਇਕ ਬਿਜਲੀ ਵਿਭਾਗ ਦੇ ਮੁਲਾਜ਼ਮ ਵਲੋਂ ਭੇਦ ਭਰੇ ਹਾਲਤ ਵਿਚ ਅਪਣੀ ਜ਼ਿੰਦਗੀ ਸਮਾਪਤ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਮੇਸ਼ ਪ੍ਰਤਾਪ ਉਰਫ਼ ਸੋਨੂੰ ਦੀ ਪਤਨੀ ਪੂਨਮ ਨੇ ਦਸਿਆ ਕਿ ਉਸ ਦਾ ਪਤੀ ਬਿਜਲੀ ਵਿਭਾਗ ਵਿਚ ਠੇਕੇ ਉਤੇ ਕੰਮ ਕਰਦਾ ਸੀ। ਉਸ ਦੇ ਪਤੀ ਦੇ ਕਿਸੇ ਮਹਿਲਾ ਨਾਲ ਸਬੰਧ ਸੀ। ਕੁੱਝ ਦਿਨ ਪਹਿਲਾਂ ਉਸ ਨੇ ਅਪਣੇ ਪਤੀ ਨੂੰ ਉਸ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਰੰਗੇ ਹੱਥੀ ਫੜ ਲਿਆ ਸੀ ਜਿਸ ਤੋਂ ਬਾਅਦ ਉਕਤ ਲੜਕੀ ਉਸ ਦੇ ਪਤੀ ਨੂੰ ਫਸਾਉਣ ਦੀਆਂ ਧਮਕੀਆਂ ਦੇ ਰਹੀ ਸੀ ਜਿਸ ਕਾਰਨ ਉਸ ਦਾ ਪਤੀ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।
ਘਟਨਾ ਸਮੇਂ ਉਹ ਅਪਣੇ ਬੱਚਿਆਂ ਨੂੰ ਸੁਲਾਉਣ ਲਈ ਦੂਸਰੇ ਕਮਰੇ ਵਿਚ ਚਲੇ ਗਈ, ਬੱਚਿਆਂ ਨੂੰ ਸੁਲਾਉਣ ਤੋਂ ਬਾਅਦ ਜਦੋਂ ਉਹ ਅਪਣੇ ਪਤੀ ਦੇ ਕਮਰੇ ਵਿਚ ਆਈ ਤਾਂ ਉਸ ਨੇ ਕਮਰੇ ਵਿਚ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਗੁਆਂਢੀਆਂ ਦੀ ਮਦਦ ਨਾਲ ਉਸ ਨੇ ਅਪਣੇ ਪਤੀ ਨੂੰ ਥਲ੍ਹੇ ਉਤਾਰਿਆ ਅਤੇ ਇਕ ਨਿਜੀ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਿਜਲੀ ਵਿਭਾਗ ਦੇ ਮੁਲਾਜ਼ਮ ਅਤੇ ਅਧਿਕਾਰੀ ਮੌਕੇ ਉਤੇ ਪਹੁੰਚੇ ਜਿਨ੍ਹਾਂ ਨੇ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਉਤੇ ਪਹੁੰਚੇ ਪੁਲਿਸ ਪਾਰਟੀ ਨਾਲ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਜਾਂਚ ਸ਼ੁਰੂ ਕਰ ਦਿਤੀ ਹੈ।
ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਮਾਤਾ ਪਿਤਾ ਪਿੰਡ ਗਏ ਹੋਣ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦਸਿਆ ਕਿ ਲਾਸ਼ ਨੂੰ ਮੋਰਚਰੀ ਘਰ ਵਿਚ ਰੱਖ ਦਿਤਾ ਗਿਆ ਹੈ ਅਤੇ ਉਸ ਦੇ ਮਾਤਾ ਪਿਤਾ ਦੇ ਆਉਣ ਉਤੇ ਜੋ ਵੀ ਬਿਆਨ ਦੇਣਗੇ। ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।