
ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਗੱਲਬਾਤ ਦੀ ਸੰਭਾਵਨਾ ਬਣੀ
ਉਗਰਾਹਾਂ ਗਰੁਪ ਨੇ ਮੀਟਿੰਗ ਲਈ ਤਿੰਨ ਮੈਂਬਰੀ ਵਫ਼ਦ ਨੂੰ ਦਿਤੀ ਝੰਡੀ
ਬਠਿੰਡਾ, 12 ਅਕਤੂਬਰ (ਸੁਖਜਿੰਦਰ ਮਾਨ): ਖੇਤੀ ਆਰਡੀਨੈਂਸਾਂ ਨੂੰ ਕਾਨੂੰਨ ਦੀ ਸ਼ਕਲ ਦੇਣ ਲਈ ਮੋਦੀ ਸਰਕਾਰ ਵਲੋਂ ਸੰਸਦ ਵਿਚ ਪਾਸ ਕਰਵਾਏ ਤਿੰਨ ਬਿਲਾਂ ਦੇ ਵਿਰੋਧ 'ਚ ਰੇਲ ਪਟੜੀਆਂ 'ਤੇ ਡਟੀਆਂ ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਗੱਲਬਾਤ ਹੋਣ ਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ। ਹਮਲਾਵਾਰ ਸ਼ੈਲੀ ਵਿਚ ਅਪਣੇ ਸੰਘਰਸ਼ਾਂ ਲਈ ਜਾਣੀ ਜਾਂਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜਿਥੇ ਇਸ ਮੀਟਿੰਗ ਲਈ ਅਪਣੇ ਤਿੰਨ ਮੈਂਬਰੀ ਵਫ਼ਦ ਨੂੰ ਹਰੀ ਝੰਡੀ ਦੇ ਦਿਤੀ ਗਈ ਹੈ, ਉਥੇ ਸਾਂਝੇ ਮੰਚ ਵਿਚ ਸ਼ਾਮਲ ਦੂਜੀਆਂ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਵੀ ਮੂਕ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ। ਹਾਲਾਂਕਿ 30 ਜਥੇਬੰਦੀਆਂ ਦੇ ਸਮੂਹ ਵਲੋਂ ਭਲਕੇ ਆਖ਼ਰੀ ਫ਼ੈਸਲਾ ਲੈਣ ਲਈ ਮੀਟਿੰਗ ਕੀਤੀ ਜਾ ਰਹੀ ਹੈ। ਉਗਰਾਹਾਂ ਗਰੁੱਪ ਦੇ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਦੇਰ ਰਾਤ ਹੋਈ ਮੀਟਿੰਗ ਵਿਚ ਮੋਦੀ ਦੇ ਸੱਦੇ ਨੂੰ ਕਬੂਲਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਤੇ ਝੰਡਾ ਸਿੰਘ ਜੈਠੂਕੇ ਨੂੰ ਜਥੇਬੰਦੀ ਵਲੋਂ ਕੇਂਦਰ ਨਾਲ ਗੱਲਬਾਤ ਲਈ ਨੀਯਤ ਕੀਤਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬੇਸੱਕ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਨਾਲ ਉਨ੍ਹਾਂ ਦੀ ਜਥੇਬੰਦੀ ਦਾ ਤਾਲਮੇਲ ਹੈ ਪ੍ਰੰਤੂ ਰੇਲ ਰੋਕੂ ਪ੍ਰੋਗਰਾਮ ਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਘਿਰਾਉ ਦਾ ਪ੍ਰੋਗਰਾਮ ਉਗਰਾਹਾਂ ਜਥੇਬੰਦੀ ਵਲੋਂ ਹੀ ਦਿਤਾ ਗਿਆ ਸੀ, ਜਿਸ ਦਾ ਅਸਰ ਵੀ imageਵੇਖਣ ਨੂੰ ਮਿਲ ਰਿਹਾ ਹੈ। ਉਧਰ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂਆਂ ਨੇ ਖ਼ੁਲਾਸਾ ਕੀਤਾ ਕਿ '' ਮੋਦੀ ਸਰਕਾਰ ਵਲੋਂ ਲਗਾਤਾਰ ਦਿਤੇ ਦੂਜੇ ਸੱਦੇ ਨੂੰ ਕਬੂਲ ਕੇ ਕੇਂਦਰ ਦੇ ਰੁੱਖ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਜਿਸ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ''