
5 ਸਾਲ 'ਚ ਤਿੰਨ ਜਾਂਚ ਕਮਿਸ਼ਨ, 3 ਐਸ.ਆਈ.ਟੀਜ਼, ਸੀ.ਬੀ.ਆਈ. ਅਤੇ ਪੁਲਿਸ ਨਾ ਪਹੁੰਚ ਸਕੀ ਦੋਸ਼ੀਆਂ ਤਕ
ਕੋਟਕਪੂਰਾ, 12 ਅਕਤੂਬਰ (ਗੁਰਿੰਦਰ ਸਿੰਘ) : ਸੂਬੇ ਦੀ ਧਾਰਮਕ, ਰਾਜਨੀਤਕ ਸਿਆਸਤ 'ਚ ਭੂਚਾਲ ਲਿਆਉਣ ਵਾਲੇ 'ਬਰਗਾੜੀ ਬੇਅਦਬੀ ਕਾਂਡ' ਨਾਲ ਜੁੜੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦਾ ਮੁੱਖ ਦੋਸ਼ੀ ਕੌਣ ਹੈ? ਇਹ ਸਵਾਲ ਘਟਨਾ ਦੇ ਪੰਜ ਸਾਲ ਬਾਅਦ ਅੱਜ ਵੀ ਜਿਉਂ ਦਾ ਤਿਉਂ ਹੈ। ਕਿਉਂਕਿ ਤਿੰਨ ਐਸ.ਆਈ.ਟੀਜ਼, ਤਿੰਨ ਜਸਟਿਸ ਕਮਿਸ਼ਨ, ਸੀ.ਬੀ.ਆਈ. ਅਤੇ ਪੰਜਾਬ ਪੁਲਿਸ ਵਲੋਂ ਘਟਨਾ ਦੀ ਪਿਛਲੇ ਪੰਜ ਸਾਲਾਂ 'ਚ ਵੱਖ-ਵੱਖ ਐਂਗਲਾਂ ਤੋਂ ਡੂੰਘੀ ਜਾਂਚ ਪੜਤਾਲ ਕੀਤੀ ਗਈ, ਫਿਰ ਵੀ ਨਾ ਤਾਂ ਕੇਂਦਰੀ ਜਾਂਚ ਏਜੰਸੀ ਅਤੇ ਨਾ ਹੀ ਸੂਬਾ ਸਰਕਾਰ ਦੀ ਕੋਈ ਏਜੰਸੀ ਉਕਤ ਨਤੀਜੇ 'ਤੇ ਪਹੁੰਚਣ 'ਚ ਕਾਮਯਾਬ ਹੋਈ ਕਿ ਗੋਲੀ ਕਿਸ ਦੇ ਕਹਿਣ 'ਤੇ ਚਲਾਈ ਗਈ?
ਬੀਤੇ ਪੰਜ ਸਾਲਾਂ 'ਚ ਡੇਢ ਸਾਲ ਤਕ ਪੰਜਾਬ 'ਚ ਬਾਦਲ ਸਰਕਾਰ ਅਤੇ ਸਾਢੇ 3 ਸਾਲ ਤੋਂ ਵਰਤਮਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੈ। ਦੋਹਾਂ ਹੀ ਸਰਕਾਰਾਂ ਵਲੋਂ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਸੰਦਰਭ 'ਚ ਐਸਆਈਟੀ ਤੇ ਕਮਿਸ਼ਨਾਂ ਦਾ ਗਠਨ ਕਰ ਕੇ ਨਤੀਜੇ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤਕ ਪੂਰੀ ਤਰ੍ਹਾਂ ਇਹ ਤੈਅ ਨਹੀਂ ਹੋ ਸਕਿਆ ਕਿ ਮੁੱਖ ਦੋਸ਼ੀ ਕੌਣ ਹੈ?ਮ੍ਰਿਤਕ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੇ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਤਿਕਾਰ ਦੀ ਬਹਾਲੀ ਲਈ ਸ਼ਹਾਦਤ ਦਾ ਜਾਮ ਪੀਤਾ ਪਰ ਅਜੇ ਤਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਸਕੀਆਂ।