
ਅਸ਼ਵਨੀ ਸ਼ਰਮਾ ਨੇ ਨਾਇਬ ਤਹਿਸੀਲਦਾਰਾਂ ਦੀ ਭਰਤੀ ਪ੍ਰਕਿਰਿਆ 'ਤੇ ਚੁਕੇ ਸਵਾਲ
ਚੰਡੀਗੜ੍ਹ, 12 ਅਕਤੂਬਰ (ਸੁਰਜੀਤ ਸਿੰਘ ਸੱਤੀ) : ਭਗਵੰਤ ਮਾਨ ਸਰਕਾਰ ਵਲੋਂ ਹਾਲ ਹੀ ਵਿਚ ਕਰਵਾਈ ਗਈ ਪੀ.ਪੀ.ਐਸ.ਈ ਪ੍ਰੀਖਿਆ ਤਹਿਤ ਨਿਯੁਕਤ ਨਾਇਬ ਤਹਿਸੀਲਦਾਰਾਂ ਦੀ ਭਰਤੀ ਪ੍ਰਕਿਰਿਆ 'ਤੇ ਸਵਾਲ ਚੁਕਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਅਪਣੀਆਂ ਜੇਬਾਂ ਭਰਨ ਲਈ ਇਸ ਭਰਤੀ ਪ੍ਰਕਿਰਿਆ ਬਹੁਤ ਵੱਡਾ ਘਪਲਾ ਕੀਤਾ ਹੈ |
ਸ਼ਰਮਾ ਨੇ ਇਸ ਭਰਤੀ ਪ੍ਰਕਿਰਿਆ ਵਿਚ ਘਪਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਕਲਰਕ ਦੀ ਪ੍ਰੀਖਿਆ ਪਾਸ ਨਾ ਕਰ ਸਕਣ ਵਾਲਾ ਵਿਅਕਤੀ ਇਸ ਭਰਤੀ ਪ੍ਰਕਿਰਿਆ ਵਿਚ ਟਾਪਰ ਕਿਵੇਂ ਬਣ ਗਿਆ? ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੇ ਦਰਵਾਜੇ ਤੋਂ ਪੈਸੇ ਲੈ ਕੇ ਇਹ ਨਿਯੁਕਤੀਆਂ ਕੀਤੀਆਂ ਹਨ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੀ.ਪੀ.ਐਸ.ਈ ਦੀ ਪ੍ਰੀਖਿਆ ਵਿਚ ਨਾ ਸਿਰਫ ਬੇਨਿਯਮੀਆਂ ਹੋਈਆਂ ਹਨ, ਸਗੋਂ ਭਗਵੰਤ ਮਾਨ ਸਰਕਾਰ ਵਲੋਂ ਵੱਡਾ ਘਪਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਪੰਜਾਬ ਦੇ ਇਤਿਹਾਸ ਵਿਚ ਅਪਣੀ ਕਿਸਮ ਦਾ ਸੱਭ ਤੋਂ ਵੱਡਾ ਘੁਟਾਲਾ ਹੈ | ਉਨ੍ਹਾਂ ਦਸਿਆ ਕਿ ਇਸ ਵਿਚ ਪੰਜਾਬ ਦੇ ਮੂਨਕ ਅਤੇ ਪਾਤੜਾਂ ਖੇਤਰਾਂ ਤੋਂ ਜਨਰਲ ਵਰਗ ਦੇ 19 ਵਿਚੋਂ 11 ਵਿਦਿਆਰਥੀ ਚੁਣੇ ਗਏ ਹਨ | ਜਿਨ੍ਹਾਂ ਵਿਚੋਂ ਤਿੰਨ ਉਮੀਦਵਾਰ ਇਕ ਦੂਜੇ ਨਾਲ ਰਿਸ਼ਤੇਦਾਰ ਹਨ | ਇੰਨਾ ਹੀ ਨਹੀਂ ਭਗਵੰਤ ਮਾਨ ਸਰਕਾਰ ਨੇ ਪ੍ਰੀਖਿਆ 'ਚ ਬੈਠਣ ਵਾਲੇ 70 ਹਜ਼ਾਰ ਉਮੀਦਵਾਰਾਂ ਨਾਲ ਵੀ ਵੱਡੇ ਪਧਰ 'ਤੇ ਧੋਖਾ ਕੀਤਾ ਹੈ |
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰੀਖਿਆ ਦੇ ਟਾਪਰ ਜਸਵੀਰ ਸਿੰਘ ਨੇ ਕੱੁਝ ਮਹੀਨੇ ਪਹਿਲਾਂ ਵਿਧਾਨ ਸਭਾ ਵਿਚ ਸਵੀਪਰ ਦੀ ਅਸਾਮੀ ਲਈ ਅਪਲਾਈ ਕੀਤਾ ਸੀ ਅਤੇ ਪਟਵਾਰੀ ਦੇ ਨਾਲ-ਨਾਲ ਕਲਰਕ-ਕਮ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਲਈ ਹੋਈ ਪ੍ਰੀਖਿਆ ਪਾਸ ਕਰਨ 'ਚ ਵੀ ਅਸਫ਼ਲ ਰਿਹਾ ਸੀ | ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਤਾ ਦੇ ਸਾਹਮਣੇ ਇਹ ਸਪਸ਼ਟ ਕਰਨਾ ਹੋਵੇਗਾ ਕਿ ਇਕ ਵਿਧਾਨ ਸਭਾ ਤੋਂ ਹੀ ਮੈਂਬਰਾਂ ਨੂੰ ਪ੍ਰੀਖਿਆ ਵਿਚ ਕਿਉਂ ਅਤੇ ਕਿਵੇਂ ਚੁਣਿਆ ਗਿਆ?