
ਹਾਈ ਕਰੋਟ ਤੋਂ ਹਰਸਿਮਰਤ ਬਾਦਲ ਨੂੰ ਰਾਹਤ, ਚੋਣ ਨੂੰ ਚੁਣੌਤੀ ਦਿੰਦੀ ਪਟੀਸ਼ਨ ਮੁੜ ਰੱਦ
ਚੰਡੀਗੜ੍ਹ, 12 ਅਕਤੂਬਰ (ਸੁਰਜੀਤ ਸਿੰਘ ਸੱਤੀ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਚੋਣ ਨੂੰ ਚੁਣੌਤੀ ਦਿੰਦੀ ਪਟੀਸ਼ਨ ਖਾਰਜ ਕਰ ਦਿਤੀ ਹੈ |
ਇਹ ਪਟੀਸ਼ਨ ਪਹਿਲਾਂ ਵੀ ਖਾਰਜ ਕੀਤੀ ਗਈ ਸੀ ਪਰ ਪਟੀਸ਼ਨਰ ਨਵਜੋਤ ਸਿੰਘ ਨੇ ਹਾਈ ਕੋਰਟ ਨੂੰ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਦਿਆਂ ਰਿਵੀਊ ਪਟੀਸ਼ਨ ਦਾਖ਼ਲ ਕੀਤੀ ਸੀ, ਜਿਹੜੀ ਕਿ ਅੱਜ ਫਿਰ ਖਾਰਜ ਕਰ ਦਿਤੀ ਹੈ ਤੇ ਹਾਈ ਕੋਰਟ ਨੇ ਪਟੀਸ਼ਨਰ ਨੂੰ ਸੁਪਰੀਮ ਕੋਰਟ ਜਾਣ ਲਈ ਕਿਹਾ ਹੈ | ਦਰਅਸਲ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਸੀ ਕਿ ਹਰਸਿਮਰਤ ਕੌਰ ਬਾਦਲ ਨੇ ਲੋਕਸਭਾ ਚੋਣਾਂ 2019 ਵਿਚ ਅਪਣੇ ਚੋਣ ਪ੍ਰਚਾਰ ਲਈ ਪ੍ਰਚਾਰ ਸਮੱਗਰੀ ਵਿਚ ਦਰਬਾਰ ਸਾਹਿਬ ਤੇ ਹੋਰ ਸਿੱਖ ਨਿਸ਼ਾਨਾਂ ਦੀ ਵਰਤੋਂ ਕੀਤੀ ਸੀ, ਜਿਹੜੀ ਕਿ ਰਾਜਨੀਤੀ ਲਈ ਧਰਮ ਦਾ ਸਹਾਰਾ ਲੈਣਾ ਬਣਦਾ ਹੈ ਤੇ ਚੋਣ ਜ਼ਾਬਤੇ ਵਿਚ ਇਸ ਦੀ ਮਨਜ਼ੂਰੀ ਨਹੀਂ ਹੈ, ਲਿਹਾਜ਼ਾ ਇਸ ਉਲੰਘਣਾ ਕਾਰਨ ਚੋਣ ਰੱਦ ਕੀਤੀ ਜਾਣੀ ਚਾਹੀਦੀ ਹੈ | ਹਾਈ ਕੋਰਟ ਨੇ ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਸੀ ਕਿ ਚੋਣ ਪਟੀਸ਼ਨ ਦਾਖ਼ਲ ਕਰਨ ਵਿਚ ਦੇਰੀ ਹੋਈ ਹੈ | ਦਰਅਸਲ ਇਹ ਪਟੀਸ਼ਨ ਪੂਰੇ 45 ਦਿਨਾਂ ਵਿਚ ਦਾਖ਼ਲ ਕੀਤੇ ਹੋਏ ਹੋਣ ਦਾ ਦਾਅਵਾ ਪਟੀਸ਼ਨਰ ਨੇ ਕੀਤਾ ਸੀ ਪਰ ਬੈਂਚ ਨੇ ਕਿਹਾ ਸੀ ਕਿ ਵੋਟਾਂ ਦੀ ਗਿਣਤੀ ਵਾਲਾ ਦਿਨ ਪਟੀਸ਼ਨ ਦਾਖ਼ਲ ਕਰਨ ਲਈ ਸਮੇਂ ਵਿਚ ਨਹੀਂ ਗਿਣਿਆ ਜਾ ਸਕਦਾ ਤੇ ਪਟੀਸ਼ਨ ਖਾਰਜ ਕਰ ਦਿਤੀ ਸੀ | ਇਸੇ 'ਤੇ ਨਵਜੋਤ ਸਿੰਘ ਦੇ ਵਕੀਲ ਸੁਰਜੀਤ ਸਿੰਘ ਸਵੈਚ ਨੇ ਰਿਵੀਊ ਪਟੀਸ਼ਨ ਦਾਖ਼ਲ ਕਰ ਕੇ ਸੁਪਰੀਮ ਕੋਰਟ ਦੀ ਇਕ ਜੱਜਮੈਂਟ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਮੰਨਿਆ ਹੈ ਕਿ ਗਿਣਤੀ ਵਾਲਾ ਦਿਨ ਪਟੀਸ਼ਨ ਦਾਖ਼ਲ ਕਰਨ ਦੇ ਸਮੇਂ ਵਿਚ ਗਿਣਿਆ ਜਾਂਦਾ ਹੈ |
ਪਰ ਹੁਣ ਹਾਈ ਕੋਰਟ ਬੈਂਚ ਨੇ ਰਿਵੀਊ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਸੁਪਰੀਮ ਕੋਰਟ ਵਿਚ ਉਠਾਇਆ ਜਾਵੇ ਤੇ ਨਾਲ ਹੀ ਰਿਵੀਊ ਪਟੀਸ਼ਨ ਖਾਰਜ ਕਰ ਦਿਤੀ ਹੈ |